ਤਰਨ ਤਾਰਨ : ਸਹਿਜ ਪਾਠ ਕਰ ਰਹੀ ਔਰਤ ਦਾ ਕਤਲ ਮਾਮਲਾ ਸੁਲਝਿਆ, ਮੁੱਖ ਮੁਲਜ਼ਮ ਗ੍ਰਿਫਤਾਰ
ਲੁੱਟ ਦੀ ਨੀਅਤ ਨਾਲ ਹੋਈ ਸੀ ਹੱਤਿਆ
ਬਲਜੀਤ ਸਿੰਘ
ਤਰਨ ਤਾਰਨ: 9 ਅਪ੍ਰੈਲ ਨੂੰ ਜ਼ਿਲ੍ਹੇ ਦੇ ਪਿੰਡ ਕੰਗ ਵਿੱਚ ਇਕ ਗੁਰਸਿੱਖ ਔਰਤ ਗੁਰਪ੍ਰੀਤ ਕੌਰ, ਜੋ ਆਪਣੇ ਘਰ ਵਿੱਚ ਸਹਿਜ ਪਾਠ ਕਰ ਰਹੀ ਸੀ, ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗਲਾ ਰੇਤ ਕੇ ਨਿਰਦਯਤਾ ਨਾਲ ਹੱਤਿਆ ਕਰ ਦਿੱਤੀ ਗਈ ਸੀ।
ਘਟਨਾ ਤੋਂ ਬਾਅਦ, ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਅਣਜਾਣ ਕਾਤਲਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਹੁਣ ਪੁਲਿਸ ਨੇ ਇਸ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ।
ਪੁਲਿਸ ਨੇ ਮੁੱਖ ਦੋਸ਼ੀ ਗੁਰਸਨਦੀਪ ਸਿੰਘ ਉਰਫ ਕਾਲੂ ਪੁੱਤਰ ਹੇਮ ਸਿੰਘ ਵਾਸੀ ਪਿੰਡ ਦੀਨੇਵਾਲ, ਜ਼ਿਲਾ ਤਰਨਤਾਰਨ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸਦੇ ਸਾਥੀ ਲਖਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਮੁਖਤਿਆਰ ਸਿੰਘ ਵਾਸੀ ਜੰਡਿਆਲਾ ਗੁਰੂ, ਜ਼ਿਲਾ ਅੰਮ੍ਰਿਤਸਰ ਨੂੰ ਪਹਿਲਾਂ ਹੀ ਥਾਣਾ ਵੈਰੋਵਾਲ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਸੀ ਅਤੇ ਉਹ ਹਾਲੇ ਗੋਇੰਦਵਾਲ ਸਾਹਿਬ ਜੇਲ ਵਿਚ ਬੰਦ ਹੈ। ਤੀਜਾ ਸ਼ੱਕੀ ਵਿਅਕਤੀ ਜਿਸਦੀ ਪਛਾਣ ਹਜੇ ਜਨਤਕ ਨਹੀਂ ਕੀਤੀ ਗਈ, ਦੀ ਗ੍ਰਿਫਤਾਰੀ ਬਾਕੀ ਹੈ।
ਮ੍ਰਿਤਕਾ ਗੁਰਪ੍ਰੀਤ ਕੌਰ, ਜੋ ਘਰ ਵਿੱਚ ਫਾਇਨੈਂਸ ਦੀ ਵਰਤੋਂ ਕਰਦੀ ਸੀ, ਨੂੰ ਲੁੱਟਣ ਦੀ ਨੀਅਤ ਨਾਲ ਇਹ ਵਾਰਦਾਤ ਕੀਤੀ ਗਈ। ਕਾਤਲਾਂ ਨੇ ਪਹਿਲਾਂ ਘਰ ਦੀ ਰੈਕੀ ਕੀਤੀ, ਫਿਰ ਉਨ੍ਹਾਂ ਨੇ ਉਸਨੂੰ ਇਕੱਲੀ ਦੇਖ ਕੇ ਹਮਲਾ ਕਰ ਦਿੱਤਾ। ਪੁਲਿਸ ਹਾਲੇ ਵੀ ਤੀਜੇ ਦੋਸ਼ੀ ਦੀ ਭਾਲ ਕਰ ਰਹੀ ਹੈ।