ਜਿਮਨਾਸਟਿਕ ਮਨ ਦੇ ਤਾਲਮੇਲ ਅਤੇ ਸਾਹਸ ਦਾ ਪ੍ਰਤੀਕ: ਐਡੀਸ਼ਨਲ ਡਿਪਟੀ ਕਮਿਸ਼ਨਰ ਪੂਨਮ ਸਿੰਘ
ਅਸ਼ੋਕ ਵਰਮਾ
ਬਠਿੰਡਾ, 5 ਅਗਸਤ 2025 :ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਬਠਿੰਡਾ ਦੇ ਵੱਖ ਵੱਖ ਸਕੂਲਾਂ ਵਿੱਚ 69 ਵੀਆਂ ਜ਼ਿਲ੍ਹਾ ਗਰਮ ਰੁੱਤ ਖੇਡਾਂ ਦਾ ਅਗਾਜ਼ ਹੋਇਆ। ਖੇਡਾਂ ਦਾ ਉਦਘਾਟਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮ ਸਿੰਘ ਨੇ ਕਿਹਾ ਕਿ ਜਿਮਨਾਸਟਿਕ — ਇਕ ਐਸਾ ਖੇਡ ਵਿਭਾਗ ਹੈ ਜੋ ਸਿਰਫ਼ ਸਰੀਰਕ ਲਚਕਤਾ ਹੀ ਨਹੀਂ, ਸਗੋਂ ਮਨ ਦੇ ਤਾਲਮੇਲ ਅਤੇ ਸਾਹਸ ਦਾ ਵੀ ਪ੍ਰਤੀਕ ਹੈ। ਇਹ ਖੇਡ ਸਾਨੂੰ ਦੱਸਦੀ ਹੈ ਕਿ ਅਸੰਭਵ ਕਿਵੇਂ ਸੰਭਵ ਬਣਦਾ ਹੈ। ਰਾਮਪੁਰਾ ਦੇ ਸਬ-ਡਿਵੀਜ਼ਨਲ ਮੈਜਿਸਟਰੇਟ ਅਤੇ ਐਡੀਸ਼ਨਲ ਕਮਿਸ਼ਨਰ ਜਨਰਲ ਗਗਨਦੀਪ ਸਿੰਘ ਨੇ ਸ ਮੌਕੇ ਕਿਹਾ ਕਿ ਪਿਆਰੇ ਬੱਚਿਓ ਜਿਮਨਾਸਟਿਕ ਵਰਗੇ ਕਠਿਨ ਖੇਤਰ ਨੂੰ ਚੁਣ ਕੇ ਇਹ ਸਾਬਤ ਕੀਤਾ ਹੈ ਕਿ ਤੁਸੀਂ ਕਠਨਾਈਆਂ ਤੋਂ ਨਹੀਂ ਡਰਦੇ।
ਉਹਨਾਂ ਕਿਹਾ ਕਿ ਤੁਹਾਡੀ ਮਿਹਨਤ, ਦਿਨ-ਰਾਤ ਦੀ ਤਿਆਰੀ ਅਤੇ ਦ੍ਰਿੜ ਨਿਸ਼ਚੇ ਤੁਹਾਨੂੰ ਨਾ ਸਿਰਫ਼ ਖੇਡ ਮੈਦਾਨ ਵਿੱਚ, ਸਗੋਂ ਜੀਵਨ ਦੇ ਹਰ ਮੈਦਾਨ ਵਿੱਚ ਅੱਗੇ ਲੈ ਜਾਵੇਗਾ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਤੀਰ ਅੰਦਾਜੀ, ਸ਼ੂਟਿੰਗ,ਜਿਮਨਾਸਟਿਕ ਆਰਟਿਕਸਿਕ ਅਤੇ ਰਿਦਮਿਕ, ਤੈਰਾਕੀ, ਲਾਅਨ ਟੈਨਿਸ, ਸਾਫਟ ਟੈਨਿਸ, ਬੇਸਬਾਲ, ਸਪੈਕਟਰਾ, ਸਾਈਕਲਿੰਗ, ਰੋਲਰ ਹਾਕੀ , ਮਾਡਰਨ ਪਟੈਬਲਨ ਅਤੇ ਸੁਕੈਅਸ਼ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।ਅੱਜ ਹੋਏ ਮੁਕਾਬਲਿਆਂ ਵਿੱਚ ਆਰਟਿਸਟਿਕ ਜਿਮਨਾਸਟਿਕ ਅੰਡਰ 17 ਮੁੰਡੇ ਵਿੱਚ ਸਰਕਾਰੀ ਹਾਈ ਸਕੂਲ ਘਨੱਈਆ ਨਗਰ ਨੇ ਪਹਿਲਾ, ਲਾਰਡ ਰਾਮਾ ਸਕੂਲ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਲੈਕਚਰਾਰ ਜਗਦੀਸ਼ ਕੁਮਾਰ ਅਤੇ ਭੁਪਿੰਦਰ ਤੱਗੜ ਆਦਿ ਹਾਜ਼ਰ ਸਨ।