ਜਿਉਂਦ ਜਬਰ ਮਾਮਲਾ : ਜਮਹੂਰੀ ਅਧਿਕਾਰ ਸਭਾ ਨੇ ਬਠਿੰਡਾ ਪੁਲਿਸ ਦੀ ਕਾਰਵਾਈ ਤੇ ਸੂਈ ਟਿਕਾਈ
ਪੁਲੀਸ ਕਾਰਵਾਈ ਦੀ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ
ਪੁਲੀਸ ’ਤੇ ਸ਼ਾਂਤਮਈ ਕਿਸਾਨਾਂ ਉੱਪਰ ਬੇਲੋੜੀ ਤਾਕਤ ਵਰਤਣ ਦੇ ਲਾਏ ਦੋਸ਼
ਅਸ਼ੋਕ ਵਰਮਾ
ਬਠਿੰਡਾ, 26 ਜੂਨ 2026: ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਬਠਿੰਡਾ ਨੇ ਫਰਵਰੀ ਮਹੀਨੇ ਦੌਰਾਨ ਪਿੰਡ ਜਿਉਂਦ ਵਿੱਚ ਵਾਪਰੀ ਪੁਲੀਸ ਕਾਰਵਾਈ ਨੂੰ ਕਥਿਤ ਗੰਭੀਰ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਾਰ ਦਿੰਦਿਆਂ, ਪੂਰੇ ਮਾਮਲੇ ਦੀ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸਭਾ ਨੇ ਅੱਜ ਇਸ ਸਬੰਧ ਵਿੱਚ ਜਾਂਚ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸ਼ਾਂਤਮਈ ਢੰਗ ਨਾਲ ਸੰਘਰਸ਼ ਦੀ ਤਿਆਰੀ ਕਰ ਰਹੇ ਕਿਸਾਨਾਂ ’ਤੇ ਪੁਲੀਸ ਨੇ ਬਿਨਾਂ ਕਿਸੇ ਅਗਾਊਂ ਚਿਤਾਵਨੀ ਦੇ ਹਮਲਾ ਕੀਤਾ ਹੈ।
ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰ. ਬੱਗਾ ਸਿੰਘ, ਸਕੱਤਰ ਸੁਦੀਪ ਸਿੰਘ ਅਤੇ ਪ੍ਰੈਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ 18 ਫਰਵਰੀ 2026 ਨੂੰ ਆਪਣੇ ਦੋ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬਠਿੰਡਾ ਵਿੱਚ ਧਰਨਾ ਦੇਣ ਦੀ ਤਿਆਰੀ ਕਰ ਰਹੇ ਕਿਸਾਨਾਂ ’ਤੇ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਲਾਠੀਚਾਰਜ ਕੀਤਾ ਸੀ। ਰਿਪੋਰਟ ਅਨੁਸਾਰ ਇਸ ਕਾਰਵਾਈ ਦੌਰਾਨ ਪ੍ਰਨੀਤ ਸਿੰਘ ਦਾ ਹੱਥ ਅੱਥਰੂ ਗੈਸ ਦੇ ਗੋਲੇ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਦ ਕਿ ਚਰਨਜੀਤ ਸਿੰਘ ਦੀ ਲੱਤ ਟੁੱਟ ਗਈ।
ਇਸ ਤੋਂ ਇਲਾਵਾ ਵੱਖ-ਵੱਖ ਥਾਣਿਆਂ ਵਿੱਚ ਕਰੀਬ 400 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ। ਸਭਾ ਦਾ ਦਾਅਵਾ ਹੈ ਕਿ ਜਾਂਚ ਕਮੇਟੀ ਨੇ ਪਿੰਡ ਵਿੱਚ ਜਾ ਕੇ ਪੀੜਤਾਂ ਅਤੇ ਹੋਰ ਸਬੰਧਿਤ ਵਿਅਕਤੀਆਂ ਦੇ ਬਿਆਨ ਦਰਜ ਕੀਤੇ। ਕਮੇਟੀ ਨੇ ਜ਼ਮੀਨੀ ਵਿਵਾਦ ਨਾਲ ਸਬੰਧਿਤ ਕਾਨੂੰਨੀ ਰਿਕਾਰਡ ਦੀ ਵੀ ਜਾਂਚ ਕੀਤੀ। ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪੁਲੀਸ ਨੇ ਪਿੰਡ ਅੰਦਰ ਘਰਾਂ ਵਿੱਚ ਕਥਿਤ ਦਾਖ਼ਲ ਹੋ ਕੇ ਅੱਥਰੂ ਗੈਸ ਦੀ ਵਰਤੋਂ ਕੀਤੀ, ਔਰਤਾਂ ਨਾਲ ਦੁਰਵਿਵਹਾਰ ਕੀਤਾ ਹੈ । ਰਿਪੋਰਟ ਅਨੁਸਾਰ ਮਜ਼ਦੂਰਾਂ ਦੇ ਮਾਲ-ਡੰਗਰ ਸਮੇਤ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਸਭਾ ਨੇ ਪੁਲੀਸ ਵੱਲੋਂ ਜ਼ਖ਼ਮੀਆਂ ਬਾਰੇ ਦਿੱਤੇ ਗਏ ਬਿਆਨਾਂ ਨੂੰ ਵੀ ਗੁੰਮਰਾਹਕੁੰਨ ਕਰਾਰ ਦਿੱਤਾ ਹੈ।
ਜਮਹੂਰੀ ਅਧਿਕਾਰ ਸਭਾ ਨੇ ਮੰਗ ਕੀਤੀ ਹੈ ਕਿ ਜ਼ਖ਼ਮੀ ਕਿਸਾਨਾਂ ਦੇ ਬਿਆਨਾਂ ਦੇ ਆਧਾਰ ’ਤੇ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ, ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪੂਰੇ ਘਟਨਾਕ੍ਰਮ ਦੀ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਨਿਰਪੱਖ ਨਿਆਂਇਕ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਹਲਵਾਹਕ ਕਿਸਾਨਾਂ ਦੇ ਜ਼ਮੀਨੀ ਹੱਕਾਂ ਨੂੰ ਕਾਨੂੰਨੀ ਮਾਨਤਾ ਦੇਣ ਅਤੇ ਕਿਸਾਨਾਂ ਨਾਲ ਗੱਲਬਾਤ ਰਾਹੀਂ ਮਸਲੇ ਦਾ ਜਮਹੂਰੀ ਹੱਲ ਕੱਢਣ ਦੀ ਵੀ ਮੰਗ ਕੀਤੀ ਗਈ ਹੈ।ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਵੱਲੋਂ ਜੇਲ੍ਹ ’ਚ ਬੰਦ ਕਿਸਾਨ ਆਗੂਆਂ ਨੂੰ ਰਿਹਾਅ ਕਰਵਾਉਣ ਲਈ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸ਼ਾਂਤਮਈ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਸੀ ਜਿਸ ਲਈ ਕਿਸਾਨ ਮਜ਼ਦੂਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਉਂਦ ਵਿੱਚ ਇਕੱਤਰ ਹੋਏ ਸਨ।
ਇਸ ਨੂੰ ਦੇਖਦਿਆਂ ਬਠਿੰਡਾ ਜ਼ਿਲ੍ਹੇ ਵਿੱਚ ਕਰੀਬ ਦੋ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਚੱਪੇ ਚੱਪੇ ’ਤੇ ਤਾਇਨਾਤ ਕੀਤੇ ਹੋਏ ਸਨ ਜਿੰਨ੍ਹਾਂ ਨੇ ਜ਼ਿਲ੍ਹੇ ਭਰ ਦੀ ਚੁਫੇਰਿਓਂ ਨਾਕਾਬੰਦੀ ਕੀਤੀ ਹੋਈ ਸੀ। ਇਸ ਮੌਕੇ ਜਦੋਂ ਕਿਸਾਨਾਂ ਨੇ ਪਿੰਡ ਜਿਉਂਦ ਤੋਂ ਬਠਿੰਡਾ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ । ਇਸ ਮੌਕੇ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਗਈਆਂ ਅਤੇ ਅਤੇ ਦੋਵਾਂ ਵਿਚਕਾਰ ਧੱਕਾ ਮੁੱਕੀ ਹੋਈ।ਇਸ ਮੌਕੇ ਪੁਲਿਸ ਦੇ ਪ੍ਰਬੰਧਾਂ ਨੂੰ ਹਟਾ ਕੇ ਬਠਿੰਡਾ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗ ਦਿੱਤੇ।ਇਸ ਮੌਕੇ ਪੁਲਿਸ ਨੇ ਕਿਸਾਨਾਂ ਮਜ਼ਦੂਰਾਂ ਤੇ ਲਾਠੀ ਚਾਰਜ ਕੀਤਾ ਸੀ। ਕਿਸਾਨਾਂ ਮਜ਼ਦੂਰਾਂ ਨੇ ਇਸ ਮੌਕੇ ਉਹਨਾਂ ਤੇ ਪੁਲਿਸ ਵੱਲੋਂ ਤਸ਼ੱਦਦ ਕਰਨ ਦੇ ਦੋਸ਼ ਲਾਏ ਸਨ।
ਬਠਿੰਡਾ ਪੁਲੀਸ ਭਾਵੇਂ ਕਿਸਾਨਾਂ ਦਾ ਬਠਿੰਡਾ ਦੇ ਡੀਸੀ ਦਫਤਰ ਅੱਗੇ ਲਾਇਆ ਜਾਣ ਵਾਲਾ ਮੋਰਚਾ ਅਸਫਲ ਬਣਾਉਣ ਵਿੱਚ ਤਾਂ ਸਫਲ ਰਹੀ, ਪਰ ਕਿਸਾਨਾਂ ਨੂੰ ਪਿੰਡਾਂ ਦੀਆਂ ਜੂਹਾਂ ਤੱਕ ਸੀਮਿਤ ਰੱਖਣ ਦੀ ਇਸ ਦੀ ਨੀਤੀ ਫੇਲ੍ਹ ਰਹੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਬਠਿੰਡਾ ਜੇਲ੍ਹ ’ਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਅਤੇ ਸਗਨਦੀਪ ਸਿੰਘ ਦੀ ਰਿਹਾਈ ਆਦਿ ਮੰਗਾਂ ਨੂੰ ਲੈ ਕੇ ਹੀ ਉਨ੍ਹਾਂ ਦਾ ਸਿਰਫ਼ ਸ਼ਾਂਤਮਈ ਧਰਨਾ ਦੇਣ ਦਾ ਪ੍ਰੋਗਰਾਮ ਸੀ ਪ੍ਰੰਤੂ ਪੁਲੀਸ ਨੇ ਦਹਿਸ਼ਤ ਪਾ ਕੇ ਜਮਹੂਰੀ ਹੱਕ ’ਤੇ ਡਾਕਾ ਮਾਰਿਆ ਸੀ।
- Download Babushahi App
-
-