ਜਲੰਧਰ : PM Modi ਨੇ ਹਰੀ ਪੱਗ ਬੰਨ੍ਹ ਕੇ ਪੰਜਾਬ ਸਰਕਾਰ ਨੂੰ ਰੱਜ ਕੇ ਭੰਡਿਆ, ਪੜ੍ਹੋ ਪੂਰੀ ਖ਼ਬਰ
ਬਾਬੂਸ਼ਾਹੀ ਬਿਊਰੋ
ਜਲੰਧਰ, 17 ਜੁਲਾਈ, 2026: ਜਲੰਧਰ ਵਿਖੇ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ। ਉਹ ਕਿਸਾਨ ਆਗੂਆਂ ਦੀ ਪਛਾਣ ਮੰਨੀ ਜਾਂਦੀ ਹਰੀ ਪੱਗ ਪਹਿਨ ਕੇ ਮੰਚ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਅਤੇ ਸੱਤਾਧਾਰੀ ਧਿਰ 'ਤੇ ਰਗੜੇ ਲਾਉਂਦਿਆਂ ਕਈ ਗੰਭੀਰ ਸਵਾਲ ਖੜ੍ਹੇ ਕੀਤੇ।
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸੂਬਾ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਅੱਜ ਇਸ਼ਤਿਹਾਰਾਂ ਦੀ ਚਮਕ-ਦਮਕ ਦੀ ਮਦਦ ਨਾਲ ਪੰਜਾਬ ਵਿੱਚ ਕੀਤੇ ਜਾ ਰਹੇ ਵਿਸ਼ਵਾਸਘਾਤ ਦੀ ਅਸਲ ਤਸਵੀਰ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਾ ਹੈ ਅਤੇ ਅੱਜ ਕੋਈ ਵੀ ਇਹ ਨਹੀਂ ਦੱਸ ਸਕਦਾ ਕਿ ਕਦੋਂ ਅਤੇ ਕਿਸ ਜਗ੍ਹਾ ਗੈਂਗ ਵਾਰ (Gang War) ਸ਼ੁਰੂ ਹੋ ਜਾਵੇਗੀ ਅਤੇ ਕਿਸ ਪਾਸਿਓਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।
ਪੀਐਮ ਮੋਦੀ ਨੇ ਸੂਬੇ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੁਣ ਵਪਾਰ ਅਤੇ ਕਾਰੋਬਾਰ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਹੈ ਕਿਉਂਕਿ ਇੱਥੇ ਸ਼ਰੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਹਾਲਾਤ ਇੰਨੇ ਖ਼ਰਾਬ ਹਨ ਕਿ ਹੁਣ ਪੁਲਿਸ ਸਟੇਸ਼ਨ ਵੀ ਸੁਰੱਖਿਅਤ ਨਹੀਂ ਰਹੇ ਅਤੇ ਉਨ੍ਹਾਂ 'ਤੇ ਵੀ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਨਸ਼ਾ ਤਸਕਰ ਸ਼ਰੇਆਮ ਘੁੰਮ ਰਹੇ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਕੇ ਸੂਬੇ ਦਾ ਭਵਿੱਖ ਬਰਬਾਦ ਕੀਤਾ ਜਾ ਰਿਹਾ ਹੈ।
ਸੂਬੇ ਦੀ ਸੱਤਾਧਾਰੀ ਧਿਰ ਨੂੰ ਘੇਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸੱਤਾ 'ਤੇ ਕਾਬਜ਼ ਲੋਕ ਬਹੁਤ ਹੀ ਹੰਕਾਰੀ ਰਵੱਈਏ ਨਾਲ ਦੇਸ਼ ਦੀ ਰਾਜਨੀਤੀ ਨੂੰ ਬਦਲਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਰ ਦੇਸ਼ ਅੱਜ ਉਨ੍ਹਾਂ ਦਾ ਅਸਲੀ ਚਿਹਰਾ ਦੇਖ ਰਿਹਾ ਹੈ। ਉਨ੍ਹਾਂ ਹਾਲ ਹੀ ਦੇ ਇੱਕ ਅਦਾਲਤੀ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੋ-ਤਿੰਨ ਦਿਨ ਪਹਿਲਾਂ ਹੀ ਅਦਾਲਤ ਨੇ ਸਬੂਤਾਂ ਦੇ ਆਧਾਰ 'ਤੇ ਉਨ੍ਹਾਂ ਦੇ ਇੱਕ ਆਗੂ ਨੂੰ ਦੰਗੇ ਭੜਕਾਉਣ ਅਤੇ ਆਈਬੀ (IB) ਅਧਿਕਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਪਰ ਉਨ੍ਹਾਂ ਦੀ ਬੇਸ਼ਰਮੀ ਦੀ ਹੱਦ ਦੇਖੋ ਕਿ ਉਹ ਅਦਾਲਤ ਦੇ ਇਸ ਫੈਸਲੇ 'ਤੇ ਵੀ ਸਵਾਲ ਚੁੱਕ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ 'ਤੇ ਇੱਕ ਬੇਹੱਦ ਬੇਈਮਾਨ ਪਾਰਟੀ ਦਾ ਰਾਜ ਹੈ ਅਤੇ ਇੱਥੇ ਸਰਕਾਰ ਲੋਕਾਂ ਸਿਰ ਕਰਜ਼ਾ ਚਾੜ੍ਹ ਕੇ ਖੁਦ ਆਨੰਦ ਮਾਣ ਰਹੀ ਹੈ।
ਇਸ ਵੱਡੀ ਰੈਲੀ ਦੌਰਾਨ ਹਾਲ ਹੀ ਵਿੱਚ ਆਮ ਆਦਮੀ ਪਾਰਟੀ (AAP) ਛੱਡ ਕੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਵਰਗੇ ਦਿੱਗਜ ਆਗੂ ਵੀ ਮੰਚ 'ਤੇ ਮੌਜੂਦ ਸਨ। ਹਾਲਾਂਕਿ, ਇਸ ਅਹਿਮ ਸਿਆਸੀ ਇਕੱਠ ਦੌਰਾਨ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੈਰਹਾਜ਼ਰ ਰਹੇ, ਜੋ ਕਿ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
- Download Babushahi App
-
-