ਚੋਣਾਂ ਦੌਰਾਨ ਜਾਨ ਗੁਆਉਣ ਤੇ ਜਖਮੀ ਅਧਿਆਪਕਾਂ ਦੇ ਇਨਸਾਫ ਲਈ ਰੋਸ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ,17ਦਸੰਬਰ 2025: ਅਧਿਆਪਕ ਜਥੇਬੰਦੀਆਂ ਵੱਲੋਂ ਜਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਅਤੇ ਵੱਖ-ਵੱਖ ਥਾਈਂ ਹੋਏ ਹਾਦਸਿਆਂ ਵਿੱਚ ਜਖ਼ਮੀ ਹੋਏ ਅਧਿਆਪਕਾਂ ਨੂੰ ਇਨਸਾਫ ਦਵਾਉਣ ਲਈ ਅੱਜ ਬਠਿੰਡਾ ਵਿਖੇ ਜਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਧਰਨੇ ਤੋਂ ਬਾਅਦ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਖਿਲਾਫ਼ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰਾ ਕੀਤਾ ਅਤੇ ਮੁੱਖ ਮੰਤਰੀ ਪੰਜਾਬ ਵੱਲ ਮੰਗ ਪੱਤਰ ਭੇਜਿਆ। ਬੀਤੀ 14 ਦਸੰਬਰ ਨੂੰ ਅਧਿਆਪਕ ਜਸਕਰਨ ਭੁੱਲਰ ਅਤੇ ਉਹਨਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਸਵੇਰੇ ਮੋਗਾ ਜਿਲ੍ਹੇ ਵਿੱਚ ਚੋਣ ਡਿਊਟੀ 'ਤੇ ਜਾਂਦੇ ਸਮੇਂ ਕਾਰ ਪਾਣੀ ਦੇ ਸੂਏ ਵਿੱਚ ਡਿੱਗਣ ਕਾਰਣ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮੂਣਕ (ਜਿਲ੍ਹਾ ਸੰਗਰੂਰ) ਵਿਖੇ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਵੀ ਸੂਏ ਵਿੱਚ ਕਾਰ ਡਿੱਗਣ ਕਾਰਣ ਫੱਟੜ ਹੋ ਗਈ ਸੀ।
ਇਸੇ ਤਰ੍ਹਾਂ ਸਿੱਖਿਆ ਪ੍ਰੋਵਾਇਡਰ ਅਧਿਆਪਕਾ ਪਰਮਜੀਤ ਕੌਰ ਦੀ ਪਾਤੜਾਂ ਵਿਖੇ ਹੋਈ ਦੁਰਘਟਨਾ ਸਮੇਤ ਪੰਜਾਬ ਵਿੱਚ ਕਈ ਥਾਵਾਂ ਉਪਰ ਹੋਰ ਵੀ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਦੀ ਚੋਣ ਡਿਊਟੀਆਂ ਦੇ ਮਾਮਲੇ ਵਿੱਚ ਕੀਤੀ ਮਨਮਰਜੀ ਅਤੇ ਅਣਗਹਿਲੀ ਕਾਰਨ ਅਜਿਹੀਆਂ ਘਟਨਾਵਾਂ ਦਾ ਅਧਿਆਪਕਾਂ ਨੂੰ ਸ਼ਿਕਾਰ ਹੋਣਾ ਪਿਆ, ਜਿਸ ਕਾਰਨ ਅਧਿਆਪਕਾਂ ਅੰਦਰ ਬਹੁਤ ਵੱਡਾ ਰੋਸ ਹੈ। ਅਧਿਆਪਕ ਆਗੂਆਂ ਬਲਜਿੰਦਰ ਸਿੰਘ,ਰੇਸ਼ਮ ਸਿੰਘ ਖੇਮੋਆਣਾ ,ਜਗਪਾਲ ਸਿੰਘ ਬੰਗੀ, ਸਿਕੰਦਰ ਸਿੰਘ ਧਾਲੀਵਾਲ, ਹਰਜੀਤ ਸਿੰਘ, ਬੂਟਾ ਸਿੰਘ ਮਾਨ, ਵੀਰਪਾਲ ਕੌਰ ਸਿਧਾਣਾ, ਜਗਸੀਰ ਸਿੰਘ ਸਹੋਤਾ, ਸ਼ਿੰਗਾਰਾ ਸਿੰਘ ਮਾਨ ਬੀ ਕੇ ਯੂ ਉਗਰਾਹਾਂ, ਹਰਜੀਤ ਸਿੰਘ ਜੀਦਾ,ਜਗਤਾਰ ਸਿੰਘ ਬਾਠ ,ਬਲਦੇਵ ਸਿੰਘ, ਕੁਲਦੀਪ ਸਿੰਘ ਖ਼ੋਖਰ,ਦਰਸ਼ਨ ਸਿੰਘ ਮੌੜ, ਜੌਨੀ ਸਿੰਗਲਾ, ਕੁਲਵਿੰਦਰ ਸਿੰਘ ਕਟਾਰੀਆ, ਪਵਨਪ੍ਰੀਤ ਕੌਰ ਨੇ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੇ ਵਾਰਿਸਾਂ ਨੂੰ ਦੋ ਦੋ ਕਰੋੜ ਮੁਆਵਜ਼ਾ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸਰਕਾਰ ਨੂੰ ਅਦਾ ਕਰਨ ਅਤੇ ਬਾਲਗ ਹੋਣ ਤੇ ਸਰਕਾਰੀ ਨੌਕਰੀ ਰਾਖਵੀਂ ਰੱਖਣ ਦੀ ਮੰਗ ਕੀਤੀ।
ਇਸੇ ਤਰ੍ਹਾਂ ਬਲਾਕ ਮੂਣਕ ਜਿਲ੍ਹਾ ਸੰਗਰੂਰ, ਬਲਾਕ ਪਾਤੜਾਂ ਜਿਲ੍ਹਾ ਪਟਿਆਲਾ ਅਤੇ ਹੋਰ ਥਾਂਵਾਂ 'ਤੇ ਜਖਮੀ ਹੋਏ ਅਧਿਆਪਕਾਂ ਲਈ 20-20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਇਲਾਜ ਦੀ ਜਿੰਮੇਵਾਰੀ ਸਰਕਾਰ ਵੱਲੋਂ ਓਟਣ ਦੇ ਨਾਲ ਨਾਲ ਤੰਦਰੁਸਤ ਹੋਣ ਤੱਕ ਆਨ ਡਿਊਟੀ ਮੰਨਿਆ ਜਾਵੇ। ਮੂਣਕ ਵਿਖੇ ਰਾਜਵੀਰ ਕੌਰ ਐਸੋਸੀਐਟ ਅਧਿਆਪਕਾ ਅਤੇ ਉਸ ਦੇ ਪਤੀ ਨੂੰ ਹਾਦਸੇ ਵਿੱਚ ਲੱਗੀਆਂ ਸੱਟਾਂ ਦੇ ਇਲਾਜ ਦਾ ਮੁਕੰਮਲ ਖਰਚ ਅਤੇ 20 ਲੱਖ ਰੁਪਏ ਮੁਆਵਜਾ ਦੇਣ, ਚੋਣਾਂ ਦੌਰਾਨ ਅਧਿਆਪਕਾਂ ਤੇ ਐਫ ਆਈ ਆਰ ਦੀਆਂ ਕੀਤੀਆਂ ਸਿਫਾਰਸਾਂ ਤੁਰੰਤ ਰੱਦ ਕਰਨ, ਭਵਿੱਖ ਵਿੱਚ ਚੋਣ ਡਿਊਟੀਆਂ ਅਧਿਆਪਕਾਂ ਦੇ ਰਿਹਾਇਸ਼ੀ/ਕੰਮਕਾਜ਼ੀ ਬਲਾਕ ਵਿੱਚ ਹੀ ਲਗਾਉਣ ਦੀ ਮੰਗ ਵੀ ਰੱਖੀ ਗਈ।
ਆਗੂਆਂ ਨੇ ਮੰਗ ਕੀਤੀ ਕਿ ਬੀਐੱਲਓਜ਼ ਦੀ ਵੱਖਰੀ ਚੋਣ ਡਿਊਟੀ ਲਗਾ ਕੇ ਦੂਹਰਾ ਭਾਰ ਪਾਉਣਾ ਬੰਦ ਕੀਤਾ ਜਾਵੇ। ਸਰਕਾਰ ਦੇ ਚੋਣ ਵਾਅਦੇ ਅਨੁਸਾਰ ਅਧਿਆਪਕਾਂ ਦੀਆਂ ਬੀਐਲਓ ਅਤੇ ਹੋਰ ਗੈਰਵਿਦਿਅਕ ਡਿਊਟੀਆਂ ਰੱਦ ਕੀਤੀਆਂ ਜਾਣ।
ਇਸ ਮੌਕੇ ਜਿਲ੍ਹਾ ਬਠਿੰਡਾ ਦੀਆਂ ਜੱਥੇਬੰਦੀਆਂ ਜਿੰਨਾ ਵਿੱਚ ਡੀ ਟੀ ਐੱਫ (ਦਿਗਵਿਜੇ ਪਾਲ) ਡੀ ਟੀ ਐੱਫ (ਵਿਕਰਮ ਦੇਵ), 3582 ਅਧਿਆਪਕ ਜਥੇਬੰਦੀ, ਕੰਪਿਊਟਰ ਟੀਚਰ ਯੂਨੀਅਨ, ਡੀ ਐੱਮ ਐੱਫ, ਅਧਿਆਪਕ ਦਲ ਪੰਜਾਬ, ਮੈਰੀਟੋਰੀਅਸ ਟੀਚਰ ਯੂਨੀਅਨ,ਅਦਰਸ਼ ਸਕੂਲ ਚਾਉਕੇ ਟੀਚਰ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ, ਐੱਸ ਐੱਸ ਏ ਰਮਸਾ ਅਧਿਆਪਕ ਯੂਨੀਅਨ,ਜੀ ਟੀ ਯੂ ਪੰਜਾਬ, ਹੈੱਡ ਮਾਸਟਰ ਐਸੋਸੀਏਸ਼ਨ, ਈ ਟੀ ਟੀ ਟੀਚਰ ਯੂਨੀਅਨ, ਨਵ ਨਿਯੁਕਤ ਐਸੋਸੀਏਟ ਟੀਚਰ ਯੂਨੀਅਨ , 6635 ਟੀਚਰ ਯੂਨੀਅਨ ਦੇ ਆਗੂਆਂ ਨੇ ਗੱਲ ਰੱਖਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਵਾਰ ਵਾਰ ਮਿਲ ਕੇ ਚੋਣਾਂ ਦੌਰਾਨ ਸਾਰੀਆਂ ਚੋਣ ਡਿਊਟੀਆਂ ਪਿੱਤਰੀ ਬਲਾਕਾਂ ਅੰਦਰ ਹੀ ਲਗਾਉਣ, ਛੋਟੇ ਬੱਚਿਆਂ ਦੀਆਂ ਮਾਵਾਂ ਨੂੰ ਡਿਊਟੀ ਤੋਂ ਛੋਟ ਦੇਣ, ਗੰਭੀਰ ਬਿਮਾਰੀ ਤੋਂ ਪੀੜਿਤ ਅਧਿਆਪਕਾਂ ਨੂੰ ਡਿਊਟੀ ਤੋਂ ਛੋਟ ਦੇਣ, ਬੂਥਾਂ ਉਪਰ ਰਹਿਣ ਅਤੇ ਖਾਣ ਪੀਣ ਦਾ ਸੁਚੱਜਾ ਪ੍ਰਬੰਧ ਕਰਨ, ਅਧਿਆਪਕਾਂ ਦੀ ਬਾਕੀ ਵਿਭਾਗਾ ਦੀਆਂ ਡਿਊਟੀਆਂ ਅਨੁਪਾਤਕ ਤਰੀਕੇ ਨਾਲ ਲਗਾਉਣ ਲਈ ਮੰਗ ਕੀਤੀ ਜਾਂਦੀ ਰਹੀ ਹੈ, ਪ੍ਰੰਤੂ ਚੋਣ ਕਮਿਸ਼ਨ ਦੇ ਕੰਨਾਂ ਉਪਰ ਜੂੰ ਤੱਕ ਨਹੀਂ ਸਰਕੀ ਅਤੇ ਆਖਿਰ ਅਧਿਆਪਕਾਂ ਨੂੰ ਇਸ ਦਾ ਖਮਿਆਜਾ ਜਾਨਲੇਵਾ ਹਾਦਸਿਆਂ ਦਾ ਸ਼ਿਕਾਰ ਹੋ ਕੇ ਭਰਨਾ ਪੈ ਰਿਹਾ ਹੈ, ਇਸ ਲਈ ਅਜਿਹੀਆਂ ਮੌਤਾਂ ਨਾ ਹੋ ਕੇ ਪੰਜਾਬ ਸਰਕਾਰ ਦੀ ਨਾਕਾਮੀ ਕਰਕੇ ਹੋਏ 'ਕਤਲ' ਸਾਬਿਤ ਹੁੰਦੇ ਹਨ। ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਹਾਦਸੇ ਦੇ ਸ਼ਿਕਾਰ ਹੋਏ ਅਧਿਆਪਕਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਜਲਦ ਅਗਲੇ ਐਕਸ਼ਨ ਉਲੀਕੇ ਜਾਣਗੇ।