ਗ੍ਰਾਮ ਪੰਚਾਇਤ ਪੱਧਰ 'ਤੇ ਵਿੱਤੀ ਸ਼ਮੂਲੀਅਤ ਯੋਜਨਾਵਾਂ ਦੀ 3 ਮਹੀਨੇ ਦੀ ਵਿਸ਼ੇਸ਼ ਮੁਹਿੰਮ ਸ਼ੁਰੂ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਜੁਲਾਈ 2025: ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਸਾਰੇ ਵਾਂਝੇ ਲੋਕਾਂ ਨੂੰ ਵਿੱਤੀ ਸ਼ਮੂਲੀਅਤ ਯੋਜਨਾਵਾਂ ਵਿੱਚ ਸ਼ਾਮਲ ਕਰਨ ਲਈ ਗ੍ਰਾਮ ਪੰਚਾਇਤ ਪੱਧਰ 'ਤੇ 01.07.2025 ਤੋਂ 30.09.2025 ਤੱਕ 3 ਮਹੀਨੇ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ।
ਜਾਣਕਾਰੀ ਦਿੰਦਿਆਂ ਲੀਡ ਜ਼ਿਲ੍ਹਾ ਮੈਨੇਜਰ ਐਮ. ਕੇ. ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਕੁੱਲ 332 ਗ੍ਰਾਮ ਪੰਚਾਇਤਾਂ, ਜਿਨ੍ਹਾਂ ਵਿੱਚ ਮੋਹਾਲੀ ਦੀਆਂ 73, ਡੇਰਾਬੱਸੀ ਦੀਆਂ 95, ਮਾਜਰੀ ਦੀਆਂ 101 ਅਤੇ ਖਰੜ ਦੀਆਂ 63 ਪੰਚਾਇਤਾਂ ਸ਼ਾਮਿਲ ਹਨ, ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਕੈਂਪ ਦੌਰਾਨ ਮੁੱਖ ਤੌਰ 'ਤੇ ਪ੍ਰਧਾਨ ਮੰਤਰੀ ਜਨ ਧਨ ਖਾਤਿਆਂ ਨੂੰ ਸਰਗਰਮ ਕਰਨ ਲਈ ਅਕਿਰਿਆਸ਼ੀਲ ਖਾਤਿਆਂ ਦੇ ਕੇ ਵਾਈ ਸੀ ਦਸਤਾਵੇਜ਼ ਪ੍ਰਾਪਤ ਕਰਨਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ ਅਧੀਨ ਉਨ੍ਹਾਂ ਬਾਲਗਾਂ ਲਈ ਖਾਤੇ ਖੋਲ੍ਹਣਾ ਜਿਨ੍ਹਾਂ ਕੋਲ ਅਜੇ ਤੱਕ ਬੈਂਕ ਖਾਤੇ ਨਹੀਂ ਹਨ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਵਿੱਚ ਰਜਿਸਟ੍ਰੇਸ਼ਨ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਵਿੱਚ ਰਜਿਸਟ੍ਰੇਸ਼ਨ, ਅਟਲ ਪੈਨਸ਼ਨ ਯੋਜਨਾ ਅਧੀਨ ਯੋਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਆਦਿ ਤੇ ਜ਼ੋਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਡਿਜੀਟਲ ਧੋਖਾਧੜੀ, ਦਾਅਵਾ ਨਾ ਕੀਤੀਆਂ ਰਕਮਾਂ (ਐਨ ਪੀ ਏ), ਦਸ ਸਾਲ ਤੋਂ ਪੁਰਾਣੀਆਂ ਜਮ੍ਹਾਂ ਰਕਮਾਂ ਨੂੰ ਕਿਵੇਂ ਰਿਕਵਰ ਕਰਨਾ ਅਤੇ ਖਾਤਿਆਂ ਦੀ ਰੀ-ਵਾਰਡਿੰਗ ਕਰਨਾ ਆਦਿ ਵੀ ਇਸ ਮੁਹਿੰਮ ਦਾ ਹਿੱਸਾ ਹੋਵੇਗਾ। ਇਸ ਵਿਸ਼ੇਸ਼ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਅਤੇ ਲੀਡ ਜ਼ਿਲ੍ਹਾ ਮੈਨੇਜਰ ਦੁਆਰਾ ਇੱਕ ਵਿਸ਼ੇਸ਼ ਸਮੀਖਿਆ ਕੀਤੀ ਜਾਵੇਗੀ।
ਲੀਡ ਜ਼ਿਲ੍ਹਾ ਮੈਨੇਜਰ ਐਮ. ਕੇ. ਭਾਰਦਵਾਜ ਨੇ ਅੱਗੇ ਦੱਸਿਆ ਕਿ ਕੈਂਪ ਦੌਰਾਨ ਬੈਂਕ ਅਧਿਕਾਰੀ ਮੌਜੂਦ ਰਹਿਣਗੇ ਅਤੇ ਵੱਖ-ਵੱਖ ਜਾਣਕਾਰੀ ਦੇਣ ਦੇ ਨਾਲ-ਨਾਲ ਜਨ ਸੁਰੱਖਿਆ ਯੋਜਨਾ ਅਤੇ ਸੁਸਤ ਖਾਤਿਆਂ ਦੇ ਕੇ ਵਾ ਈ ਸੀ ਦਸਤਾਵੇਜ਼ ਵੀ ਮੌਕੇ 'ਤੇ ਪ੍ਰਾਪਤ ਕੀਤੇ ਜਾਣਗੇ। ਵਿੱਤੀ ਲੈਣ-ਦੇਣ ਵਿੱਚ ਸਾਵਧਾਨੀ ਅਤੇ ਧੋਖਾਧੜੀ ਤੋਂ ਬਚਣ ਦੇ ਉਪਾਵਾਂ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 18 ਤੋਂ 70 ਸਾਲ ਦੀ ਉਮਰ ਵਰਗ ਲਈ ਵੀਹ ਰੁਪਏ ਸਾਲਾਨਾ ਪ੍ਰੀਮੀਅਮ ਦਾ ਭੁਗਤਾਨ ਕਰਕੇ 2 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਤਹਿਤ 18 ਤੋਂ 50 ਸਾਲ ਦੀ ਉਮਰ ਵਰਗ ਲਈ 436 ਰੁਪਏ ਸਾਲਾਨਾ ਪ੍ਰੀਮੀਅਮ ਦਾ ਭੁਗਤਾਨ ਕਰਕੇ 2 ਲੱਖ ਰੁਪਏ ਤੱਕ ਦਾ ਮ੍ਰਿਤੂ ਬੀਮਾ ਉਪਲਬਧ ਹੈ। ਅਟਲ ਪੈਨਸ਼ਨ ਯੋਜਨਾ ਵਿੱਚ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰਨ ਦਾ ਪ੍ਰਬੰਧ ਹੈ।
ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਆਪਣੀ ਨੇੜਲੀ ਸ਼ਾਖਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।