ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਾਂਝੀਵਾਲਤਾ ਦਿਵਸ ਵਜੋਂ ਮਨਾਉਣ ਦਾ ਸੱਦਾ
*ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ*
*ਨਿਹੰਗ ਜੱਥੇਬੰਦੀਆਂ ਮਹੁੱਲਾ ਹੋਵੇਗਾ ਖਿੱਚਦਾ ਕੇਂਦਰ*
*ਤਖ਼ਤ ਸ਼੍ਰੀ ਪਟਨਾ ਸਾਹਿਬ ਤੇ ਹਾਜ਼ੂਰ ਸਾਹਿਬ ਨੂੰ ਸਿੱਧੀ ਫਲਾਈਟਾਂ ਚਲਾਉਣ ਦੀ ਕੀਤੀ ਮੰਗ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 04 ਅਕਤੂਬਰ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਦੋਹਾਂ ਧਾਰਮਿਕ ਸਖਸ਼ੀਅਤਾਂ ਨੇ ਨਵੰਬਰ ਮਹੀਨੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 557ਵੇਂ ਪ੍ਰਕਾਸ਼ ਪੁਰਬ ਨੂੰ ਸਾਂਝੀਵਾਲਤਾ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ। ਦੋਹਾਂ ਧਾਰਮਿਕ ਆਗੂਆਂ ਨੇ ਕਿਹਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸਮੁੱਚੇ ਵਿਸ਼ਵ ਨੂੰ ਇੱਕਜੁਟਤਾ ਨਾਲ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਸਾਹਿਬ ਦਾ ਫਲਸਫਾ ਹੀ ਸਰਬੱਤ ਦੇ ਭਲੇ ਦਾ ਹੋਕਾ ਦੇਣ ਵਾਲਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਤਿਆਰੀਆਂ ਚੱਲ ਰਹੀਆਂ ਹਨ ਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਵੀ ਮਿਤੀ 06 ਅਕਤੂਬਰ ਨੂੰ ਮੀਟਿੰਗ ਰੱਖੀ ਗਈ ਹੈ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 24 ਨਵੰਵਰ ਨੂੰ ਬੜੀ ਸ਼ਰਧਾ ਪੂਰਵਕ ਮਨਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਨਿਹੰਗ ਜੱਥੇਬੰਦੀਆਂ ਆਪਣਾ ਰਵਾਇਤੀ ਮਹੱੁਲਾ ਕੱਢਣ ਗਈਆਂ। ਜਿਸ ਵਿਚ ਖਲਾਸਾਈ ਜਲੌਅ ਦੇਖਣ ਵਾਲਾ ਹੋਵੇਗਾ। ਉਨ੍ਹਾਂ ਕਿਹਾ ਦਸਮੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਜੀਆਂ ਲਾਡਲੀਆਂ ਫੌਜਾਂ ਆਪਣੇ ਬਾਣੇ ਵਿੱਚ ਖਾਲਸਾਈ ਕਰੱਤਵ ਦਿਖਾਉਣਗੀਆਂ। ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਦੱਸਿਆ ਕਿ ਗੁਰਦੁਆਰਾ ਬੇਰ ਸਾਹਿਬ ਦੇ ਸਾਹਮਣੇ ਉਹਨਾਂ ਦੀ ਛਾਉਣੀ ਹੈ ਜਿੱਥੇ ਪ੍ਰਕਾਸ਼ ਪੁਰਬ ਦੇ ਧਾਰਮਿਕ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਸੁਲਤਾਨਪੁਰ ਲੋਧੀ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਦੋਹਾਂ ਧਾਰਮਿਕ ਸਖਸ਼ੀਅਤਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਭਾਰਤ ਦੇ ਦੋ ਤਖਤਾਂ ਲਈ ਸਿੱਧੀ ਫਲਾਈਟਾਂ ਚਲਾਈਆਂ ਜਾਣ। ਉਨ੍ਹਾਂ ਕਿਹਾ ਕਿ ਤਖ਼ਤ ਸ਼੍ਰੀ ਪਟਨਾ ਸਾਹਿਬ ਅਤੇ ਤਖ਼ਤ ਸ਼੍ਰੀ ਹਾਜ਼ੂਰ ਸਾਹਿਬ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਤੋਂ ਅਤੇ ਆਦਮਪੁਰ ਅਤੇ ਚੰਡੀਗੜ੍ਹ ਦੇ ਹਵਾਈ ਅੱਡਿਆਂ ਤੋਂ ਇੰਨ੍ਹਾਂ ਦੋਵੇਂ ਤਖ਼ਤਾਂ ਲਈ ਉਡਾਨਾਂ ਦਾ ਪ੍ਰਬੰਧ ਕੀਤਾ ਜਾਵੇ।
ਇਸ ਮੌਕੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਜੀ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਵਿੱਤਰ ਵੇਈਂ ਦਾ ਇੱਕ ਖੂਬਸੂਰਤ ਚਿੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਨਿਹੰਗੀ ਮੁਖੀ ਬਾਬਾ ਬਲਬੀਰ ਸਿੰਘ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ।
ਬਾਕਸ ਆਈਟਮ : ਏਸ਼ੀਆਈ ਖੇਡਾਂ ਵਿੱਚ ਦੇਸ਼ ਦੇ ਖਿਡਾਰੀਆਂ ਵੱਲੋਂ ਸੋਨੇ ਦੇ ਤਮਗੇ ਜਿੱਤਣ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਏਸ਼ੀਆਈ ਖੇਡਾਂ ਵਿੱਚ ਹਾਕੀ ਟੀਮ ਨੇ ਲਗਾਤਾਰ ਦੂਜੀ ਵਾਰ ਸੋਨੇ ਦਾ ਤਮਗਾ ਜਿੱਤ ਕੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਇਸੇ ਤਰ੍ਹਾਂ ਦੇਸ਼ ਦੀਆਂ ਧੀਆਂ ਨੇ ਵੀ 44 ਸਾਲ ਬਾਅਦ ਸੋਨੇ ਦਾ ਤਮਗਾ ਜਿੱਤ ਕੇ ਦੇਸ਼ ਦੀ ਝੋਲੀ ਵਿੱਚ ਪਾਇਆ ਹੈ।
- Download Babushahi App
-
-