ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਹੋਲਾ ਮਹੱਲਾ ਪੁਰਬ ਪੂਰਨ ਸਰਧਾ ਭਾਵਨਾ ਨਾਲ ਮਨਾਇਆ
ਅੰਮ੍ਰਿਤਸਰ:-05 ਮਾਰਚ ( ) ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਿੱਖ ਪੰਥ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੋਲਾ-ਮਹੱਲੇ ਦਾ ਤਿਉਹਾਰ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਮਨਾਇਆ ਜਾਂਦਾ ਹੋਲਾ ਮਹੱਲਾ ਇਸ ਵਾਰ ਵੀ ਪੂਰੀ ਸਿੱਖੀ ਸ਼ਾਨੋਸ਼ੌਕਤ ਨਾਲ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਹੋਏ ਗੁਰਮਤੇ ਅਨੁਸਾਰ ਮਨਾਇਆ ਗਿਆ। ਰਾਗੀਆਂ, ਢਾਡੀਆਂ, ਕਵੀਸ਼ਰਾ ਅਤੇ ਅੰਮ੍ਰਿਤਸਰ ਦੀਆਂ ਸੁਖਮਨੀ ਸੇਵਾ ਸੁਸਾਇਟੀਆਂ ਦੇ ਸ਼ਬਦੀ ਜਥਿਆ ਨੇ ਗੁਰਮਤਿ ਦੀਵਾਨ ਵਿੱਚ ਕਥਾ ਵਿਖਿਆਨ, ਕੀਰਤਨ, ਢਾਡੀ ਜਥੇ ਨੇ ਗੁਰਇਤਿਹਾਸ ਅਤੇ ਗੁਰੂਸ਼ਬਦ ਨਾਲ ਸੰਗਤਾਂ ਨਾਲ ਸਾਂਝ ਕੀਤੀ। ਸ੍ਰੀ ਗੁਰੂ ਸਿੰਘ ਸਭਾ ਰਜਿਸਟਰਡ ਸ੍ਰੀ ਅੰਮ੍ਰਿਤਸਰ ਵੱਲੋਂ ਇਸ ਸਮੇਂ ਨਗਰ ਕੀਰਤਨ ਪੰਜ ਪਿਆਰਿਆਂ, ਨਿਸ਼ਾਚੀਆਂ ਦੀ ਅਗਵਾਈ ਵਿੱਚ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪੁੱਜਾ। ਨਗਰ ਕੀਰਤਨ ਨਾਲ ਸਿੰਘ ਸਭਾ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਗੋਗੋਆਣੀ, ਹਰਮਨਜੀਤ ਸਿੰਘ ਜਨਰਲ ਸਕੱਤਰ, ਗੁਰਬਖਸ਼ ਸਿੰਘ ਬੇਦੀ, ਸੁਖਵਿੰਦਰ ਸਿੰਘ ਸਕੱਤਰ, ਸਰਬਜੋਤ ਸਿੰਘ ਮੀਤ ਪ੍ਰਧਾਨ, ਰਵਿੰਦਰਜੀਤ ਸਿੰਘ ਪ੍ਰਚਾਰ ਸਕੱਤਰ, ਅਰਵਿੰਦਰ ਸਿੰਘ ਭਾਟੀਆ, ਹਰਜੀਤ ਸਿੰਘ, ਜਸਬੀਰ ਸਿੰਘ ਸੇਠੀ, ਪ੍ਰਭਜੋਤ ਸਿੰਘ ਸੇਠੀ, ਹਰਦੀਪ ਸਿੰਘ ਸੇਠੀ, ਅੰਮ੍ਰਿਤਪਾਲ ਸਿੰਘ ਆਹਲੂਵਾਲੀਆ, ਗੋਪਾਲ ਸਿੰਘ, ਹਰਭਜਨ ਸਿੰਘ, ਅਮਰਦੀਪ ਸਿੰਘ ਆਦਿ ਨੂੰ ਬੁੱਢਾ ਦਲ ਵੱਲੋਂ ਪਰਮਜੀਤ ਸਿੰਘ ਬਾਜਵਾ ਮੈਨੇਜਰ ਬੁੱਢਾ ਦਲ, ਰਵਿੰਦਰ ਸਿੰਘ ਬੁੰਗਈ ਹਜ਼ੂਰ ਸਾਹਿਬ, ਬਾਬਾ ਭਗਤ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਗੁਰਲਾਲ ਸਿੰਘ, ਬਾਬਾ ਗਗਨਦੀਪ ਸਿੰਘ ਨੇ ਨਿੱਘਾ ਸੁਆਗਤ ਕੀਤਾ ਅਤੇ ਪੰਜ ਪਿਆਰਿਆ, ਨਿਸ਼ਾਨਚੀਆਂ, ਨਗਾਰਚੀਆ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ। ਵੱਖ-ਵੱਖ ਗੱਤਕਾ ਟੀਮਾ ਨੇ ਸ਼ਸਤਰ ਕਲਾ ਦੇ ਜੌਹਰ ਵਿਖਾਏ।
Click to Follow Babushahi Facebook page →