ਗੁਰਦਾਸਪੁਰ: ਧੁੰਦ ਕਾਰਨ ਵਾਪਰਿਆ ਹਾਦਸਾ, ਇੱਟ ਲੈ ਕੇ ਜਾ ਰਹੀ ਘੋੜਾ ਗੱਡੀ ਵਿੱਚ ਆ ਵੱਜੀ ਕਾਰ
ਘੋੜਾ ,ਘੋੜ ਗੱਡੀ ਸਵਾਰ ਅਤੇ ਕਾਰ ਸਵਾਰ ਹੋਏ ਮਾਮੂਲੀ ਜਖਮੀ, ਕਾਰ ਤੇ ਘੋੜਾ ਗੱਡੀ ਦਾ ਹੋਇਆ ਭਾਰੀ ਨੁਕਸਾਨ
ਰੋਹਿਤ ਗੁਪਤਾ
ਗੁਰਦਾਸਪੁਰ : ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਲਗਾਤਾਰ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਬੀਤੀ ਸ਼ਾਮ ਦੀਨਾ ਨਗਰ ਨੇੜੇ ਬਹਿਰਾਮਪੁਰ ਰੋਡ ਤੇ ਪਿੰਡ ਅਵਾਂਖਾ ਨੇੜੇ ਹੋਈ ਸੜਕ ਦੁਰਘਟਨਾ ਵਿੱਚ ਬੇਟੇ ਦੇ ਇਲਾਜ ਲਈ ਜਾ ਰਹੇ ਪਰਿਵਾਰ ਦੀ ਕਾਰ ਦੁਰਘਟਨਾ ਗ੍ਰਸਤ ਹੋ ਗਈ ਸੀ ਅਤੇ ਤਿੰਨ ਪਰਿਵਾਰਕ ਮੈਂਬਰ ਜਖਮੀ ਹੋ ਗਏ ਸਨ ਜਦਕਿ ਇੱਕ ਦੀ ਮੌਤ ਹੋ ਗਈ ਸੀ ਤੇ ਅੱਜ ਫੇਰ ਗੁਰਦਾਸਪੁਰ ਪਠਾਨਕੋਟ ਹਾਈਵੇ ਤੇ ਪੰਡੋਰੀ ਬਾਈਪਾਸ ਨੇੜੇ ਐਚ ਆਰ ਏ ਸਕੂਲ ਦੇ ਬਾਹਰ ਸੰਘਣੀ ਧੁੰਦ ਕਾਰਨ ਇੱਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਹੁੰਦਈ ਕੰਪਨੀ ਦੀ ਕਾਰ ਅੱਗੇ ਇੱਟ ਲੈ ਕੇ ਜਾ ਰਹੀ ਘੋੜਾ ਗੱਡੀ ਵਿੱਚ ਜਾ ਟਕਰਾਈ ਹੈ। ਹਾਲਾਂਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਘੋੜਾ, ਘੋੜ ਗੱਡੀ ਸਵਾਰ ਦੇ ਨਾਲ ਨਾਲ ਕਾਰ ਸਵਾਰ ਵੀ ਮਾਮੂਲੀ ਜਖਮੀ ਹੋਏ ਹਨ ।ਉਥੇ ਹੀ ਘੋੜਾ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
ਦੁਰਘਟਨਾ ਵਿੱਚ ਜਖਮੀ ਘੋੜਾ ਗੱਡੀ ਸਵਾਰ ਮੇਵਾ ਲਾਲ ਦੇ ਬੇਟੇ ਅਸ਼ੋਕ ਕੁਮਾਰ ਨ ਦੱਸਿਆ ਕਿ ਉਸ ਦਾ ਪਿਤਾ ਭੱਠੇ ਤੋਂ ਇੱਟ ਲੈ ਕੇ ਘੋੜਾ ਗੱਡੀ ਤੇ ਲੱਦ ਕੇ ਸ਼ਹਿਰ ਵੱਲ ਨੂੰ ਆ ਰਹੇ ਸਨ ਜਦੋਂ ਐਚ ਆਰ ਏ ਸਕੂਲ ਪਹੁੰਚੇ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਉਹਨਾਂ ਦੀ ਘੋੜਾ ਗੱਡੀ ਵਿੱਚ ਟੱਕਰਾਈ, ਜਿਸ ਕਾਰਨ ਘੋੜਾ ਵੀ ਮਾਮੂਲੀ ਜਖਮੀ ਹੋਇਆ ਹੈ ਜਦਕਿ ਉਸਦੇ ਪਿਤਾ ਵੀ ਮਾਮੂਲੀ ਰੂਪ ਵਿੱਚ ਜਖਮੀ ਹੋਏ ਹਨ ਜਦਕਿ ਉਹਨਾਂ ਦੀ ਘੋੜਾ ਗੱਡੀ ਦਾ ਅਤੇ ਇੱਟ ਦਾ ਕਾਫੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਕਾਰ ਵੀ ਕਾਫੀ ਨੁਕਸਾਨੀ ਗਈ ਹੈ ਤੇ ਕਾਰ ਸਵਾਰ ਦੇ ਵੀ ਮਾਮੂਲੀ ਸੱਟਾ ਲੱਗੀਆਂ ਹਨ।