ਗੁਰਦਾਸਪੁਰ: ਕੂੜਾ ਸੁੱਟਣ ਦੀ ਜਗ੍ਹਾ ਦੇ ਵਿਵਾਦ ਨੇ ਧਾਰਿਆ ਖ਼ੂਨੀ ਰੂਪ; ਧੱਕਾ-ਮੁੱਕੀ ਦੌਰਾਨ ਬਜ਼ੁਰਗ ਦੀ ਮੌਤ
ਪੁਲਿਸ ਨੇ ਮੌਜੂਦਾ ਕਾਂਗਰਸੀ ਸਰਪੰਚਣੀ ਦੇ ਪਤੀ ਸਮੇਤ 9 ਖ਼ਿਲਾਫ਼ ਦਰਜ ਕੀਤਾ ਕਤਲ ਦਾ ਮਾਮਲਾ
ਰੋਹਿਤ ਗੁਪਤਾ
ਗੁਰਦਾਸਪੁਰ: 8 ਫਰਵਰੀ 2026 ਗੁਰਦਾਸਪੁਰ ਦੇ ਪਿੰਡ ਤਿੱਬੜ ਵਿੱਚ ਕੂੜਾ ਸੁੱਟਣ ਦੀ ਮਹਿਜ਼ ਦੋ ਮਰਲੇ ਜਗ੍ਹਾ ਦੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਡੇਵਿਡ ਮਸੀਹ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸਿਆਸੀ ਰਸੂਖ ਰੱਖਣ ਵਾਲੇ ਵਿਅਕਤੀਆਂ ਸਮੇਤ ਕੁੱਲ 9 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ, ਪਿੰਡ ਦੀ ਪੰਚਾਇਤੀ ਜਮੀਨ ਵਿੱਚੋਂ ਕੂੜਾ ਸੁੱਟਣ ਲਈ ਰਾਖਵੀਂ ਰੱਖੀ ਗਈ ਦੋ ਮਰਲੇ ਜਗ੍ਹਾ ਦਾ ਕਬਜ਼ਾ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ 'ਤੇ 20 ਜਨਵਰੀ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਡੇਵਿਡ ਮਸੀਹ ਨੂੰ ਦਿਵਾਇਆ ਗਿਆ ਸੀ। ਉਸ ਸਮੇਂ ਉੱਥੇ ਬਣੀ ਨਜਾਇਜ਼ ਉਸਾਰੀ ਨੂੰ ਜੇ.ਸੀ.ਬੀ. ਰਾਹੀਂ ਢਾਹ ਦਿੱਤਾ ਗਿਆ ਸੀ। ਬੀਤੇ ਦਿਨ ਜਦੋਂ ਡੇਵਿਡ ਮਸੀਹ ਇਸ ਜਗ੍ਹਾ ਦੀ ਚਾਰ-ਦੀਵਾਰੀ ਕਰਨ ਲੱਗਾ, ਤਾਂ ਦੂਜੀ ਧਿਰ ਨੇ ਇਸ ਦਾ ਵਿਰੋਧ ਕੀਤਾ।
ਮ੍ਰਿਤਕ ਦੇ ਪੁੱਤਰ ਸਚਿਨ ਮਸੀਹ ਅਤੇ ਰਿਸ਼ਤੇਦਾਰ ਬਸ਼ੀਰਾ ਨੇ ਦੋਸ਼ ਲਾਇਆ ਕਿ ਮੌਜੂਦਾ ਕਾਂਗਰਸੀ ਸਰਪੰਚਣੀ ਦਾ ਪਤੀ ਸੁਰਿੰਦਰ ਕੁਮਾਰ ਕਾਲੂ ਆਪਣੇ ਸਾਥੀਆਂ ਸਮੇਤ ਕਹੀਆਂ ਅਤੇ ਡੰਡੇ ਲੈ ਕੇ ਮੌਕੇ 'ਤੇ ਪਹੁੰਚ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਲੋਕ ਜਗ੍ਹਾ 'ਤੇ ਨਜਾਇਜ਼ ਕਬਜ਼ਾ ਕਰਕੇ ਦੁਕਾਨਾਂ ਬਣਾਉਣਾ ਚਾਹੁੰਦੇ ਸਨ। ਝਗੜੇ ਦੌਰਾਨ ਹੋਈ ਧੱਕਾ-ਮੁੱਕੀ ਵਿੱਚ ਡੇਵਿਡ ਮਸੀਹ ਦੀ ਛਾਤੀ 'ਤੇ ਮੁੱਕੇ ਮਾਰੇ ਗਏ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।
ਥਾਣਾ ਤਿੱਬੜ ਦੀ ਐਸ.ਐਚ.ਓ. ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਸੁਰਿੰਦਰ ਕੁਮਾਰ ਕਾਲੂ ਸਮੇਤ ਪਿੰਡ ਦੇ 7 ਨਾਮਜ਼ਦ ਅਤੇ 2 ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 304 (ਗੈਰ-ਇਰਾਦਤਨ ਹੱਤਿਆ) ਅਤੇ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼) ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਅਨੁਸਾਰ ਮੌਤ ਦੇ ਅਸਲ ਕਾਰਨਾਂ (ਸੱਟਾਂ ਜਾਂ ਹਾਰਟ ਅਟੈਕ) ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ, ਜਿਸ ਦੇ ਅਧਾਰ 'ਤੇ ਐਫ.ਆਈ.ਆਰ. ਵਿੱਚ ਹੋਰ ਧਾਰਾਵਾਂ ਜੋੜੀਆਂ ਜਾ ਸਕਦੀਆਂ ਹਨ। ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Click to Follow Babushahi Facebook page →