ਗੁਜਰਾਤ ਅਤੇ ਰਾਜਸਥਾਨ ਲਿਜਾਈ ਜਾ ਰਹੀ ਸ਼ਰਾਬ ਦੇ 415 ਡੱਬੇ ਬਰਾਮਦ -ਤਿੰਨ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 18 ਜਨਵਰੀ 2026 :ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਥਾਣਾ ਨੰਦਗੜ੍ਹ ਪੁਲਿਸ ਅਤੇ ਆਬਕਾਰੀ ਵਿਭਾਗ ਬਠਿੰਡਾ ਦੀ ਟੀਮ ਨੇ ਰਾਜਸਥਾਨ ਦੇ ਨੰਬਰ ਵਾਲੇ ਇੱਕ ਟਰੱਕ ਵਿੱਚੋਂ 415 ਡੱਬੇ ਸ਼ਰਾਬ, ਜਿਸ ਵਿੱਚ ਲਗਭਗ 4,980 ਬੋਤਲਾਂ ਸਨ, ਬਰਾਮਦ ਕੀਤੀਆਂ ਹਨ। ਪੁਲਿਸ ਨੇ ਸੱਤ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਏ ਹਨ। ਡੀਐਸਪੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਨੰਦਗੜ੍ਹ ਪੁਲਿਸ ਸਟੇਸ਼ਨ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਗੁਜਰਾਤ ਅਤੇ ਰਾਜਸਥਾਨ ਵਿੱਚ ਵੇਚਣ ਲਈ ਲਿਜਾ ਰਹੇ ਹਨ ਅਤੇ ਇਹ ਸ਼ਰਾਬ ਮਹਿੰਗੇ ਭਾਅ ਵੇਚੀ ਜਾਣੀ ਹੈ। ਇਸ ਜਾਣਕਾਰੀ ਦੇ ਆਧਾਰ 'ਤੇ, ਨੰਦਗੜ੍ਹ ਖੇਤਰ ਦੇ ਨੇੜੇ ਇੱਕ ਨਾਕਾਬੰਦੀ ਕੀਤੀ ਗਈ ਸੀ। ਨਾਕਾਬੰਦੀ ਦੌਰਾਨ, ਇੱਕ ਵੱਡੇ ਟਰੱਕ ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ ਦੌਰਾਨ, ਪਤਾ ਲੱਗਾ ਕਿ ਟਰੱਕ ਦੇ ਤਿੰਨ ਪਹੀਏ ਲੋਹੇ ਦੀਆਂ ਤਾਰਾਂ ਨਾਲ ਲਪੇਟੇ ਹੋਏ ਸਨ। ਜਦੋਂ ਇਹ ਪਹੀਏ ਖੋਲ੍ਹੇ ਗਏ, ਤਾਂ ਅੰਦਰ ਸ਼ਰਾਬ ਦੇ ਡੱਬੇ ਲੁਕਾਏ ਹੋਏ ਸਨ।
ਟਾਇਰਾਂ ਅਤੇ ਪਾਈਪਾਂ ਵਿੱਚ ਸ਼ਰਾਬ ਲੁਕਾਈ ਹੋਈ ਸੀ। ਟਰੱਕ ਵਿੱਚੋਂ ਕੁੱਲ 415 ਡੱਬੇ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਰਾਇਲ ਚੈਲੇਂਜ, ਰਾਇਲ ਸਟੈਗ ਅਤੇ ਆਲ ਸੀਜ਼ਨ ਸ਼ਰਾਬ ਸ਼ਾਮਲ ਸੀ। ਡਰਾਈਵਰ ਨੇ ਪਾਈਪਾਂ ਵਿੱਚ ਡੱਬੇ ਲੁਕਾਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਸੱਤ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ, ਵਾਸੀ ਫੂਲੇਵਾਲਾ ਮੋਗਾ ਸੁਰੇਸ਼ ਕੁਮਾਰ, ਵਾਸੀ ਦਾਤਾ, ਜਲੌਰ ਜ਼ਿਲ੍ਹਾ, ਰਾਜਸਥਾਨ; ਅਤੇ ਹਨੂਮਾਨ ਰਾਮ, ਵਾਸੀ ਬੁੱਢਾ, ਜਲੋਰ ਜ਼ਿਲ੍ਹਾ, ਰਾਜਸਥਾਨ ਸ਼ਾਮਲ ਹਨ । ਪੁਲਿਸ ਟੀਮਾਂ ਧਰਮਪਾਲ ਸ਼ਰਮਾ ਵਾਸੀ ਅਹਿਮਦਗੜ੍ਹ, ਜਸਕਰਨ ਸਿੰਘ ਵਾਸੀ ਮਾਣਕੇ, ਗੁਰਬਿੰਦਰ ਸਿੰਘ ਵਾਸੀ ਤਖ਼ਤਪੁਰਾ ਅਤੇ ਜੱਸਾ ਸਿੰਘ, ਵਾਸੀ ਕਾਲੇਕੇ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ।