ਖੰਨਾ ਫੈਸ਼ਨ ਡਿਜ਼ਾਈਨਰ ਫਾਇਰਿੰਗ ਕੇਸ: ਆਪਣਾ ਹੀ ਨਿਕਲਿਆ ਸਾਜ਼ਿਸ਼ਘਾੜਾ
ਰਵਿੰਦਰ ਸਿੰਘ
ਖੰਨਾ, 28 ਜਨਵਰੀ 2026: ਖੰਨਾ ਦੇ ਨਾਮੀ ਫੈਸ਼ਨ ਡਿਜ਼ਾਈਨਰ ਅਤੇ ਕੱਪੜਾ ਵਪਾਰੀ ਆਸ਼ੂ ਵਿਜਨ (ਦੇਵ ਕਲੈਕਸ਼ਨ) ਦੇ ਘਰ 'ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। 19 ਜਨਵਰੀ ਦੀ ਰਾਤ ਨੂੰ ਹੋਈ ਇਸ ਵਾਰਦਾਤ ਅਤੇ ਕਾਰ ਨੂੰ ਸਾੜਨ ਦੀ ਕੋਸ਼ਿਸ਼ ਦੇ ਤਾਰ ਕੁਖਿਆਤ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੇ ਪਾਏ ਗਏ ਹਨ।
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਪੂਰੀ ਵਾਰਦਾਤ ਦੀ ਸਾਜ਼ਿਸ਼ ਆਸ਼ੂ ਵਿਜਨ ਦੇ ਆਪਣੇ ਮੂੰਹ-ਬੋਲੇ ਭਰਾ ਅਮਿਤ ਕੁਮਾਰ ਲਾਡੀ ਨੇ ਰਚੀ ਸੀ। ਗੋਲਡੀ ਬਰਾੜ ਦੇ ਨਾਂ 'ਤੇ ਡਿਜ਼ਾਈਨਰ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
19 ਜਨਵਰੀ ਦੀ ਰਾਤ ਨੂੰ ਹਮਲਾਵਰਾਂ ਨੇ ਆਸ਼ੂ ਵਿਜਨ ਦੇ ਘਰ 'ਤੇ ਗੋਲੀਆਂ ਚਲਾਈਆਂ ਸਨ ਅਤੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅਮਿਤ ਲਾਡੀ ਨੇ ਗੋਲਡੀ ਬਰਾੜ ਦੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਭਰਾ ਨੂੰ ਨਿਸ਼ਾਨਾ ਬਣਾਇਆ ਤਾਂ ਜੋ ਮੋਟੀ ਰਕਮ ਵਸੂਲੀ ਜਾ ਸਕੇ।