ਖਾਦ ਲਈ ਤਰਸਿਆ ਕਿਸਾਨ, DAP-ਯੂਰੀਆ ਦੀ ਕਿੱਲਤ ਨੇ ਵਧਾਈ ਚਿੰਤਾ
ਖਾਦ ਮਿਲੇ ਤਾਂ ਨਾਲ ਵਾਧੂ ਸਮਾਨ ਦੀ ਕਥਿਤ ਟੈਗਿੰਗ, ਕਿਸਾਨ ਪਰੇਸ਼ਾਨ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ: ਪੰਜਾਬ ਦਾ ਕਿਸਾਨ ਪਹਿਲਾਂ ਹੀ ਮਹਿੰਗੀ ਖੇਤੀ ਦੀ ਮਾਰ ਝੱਲ ਰਿਹਾ ਹੈ, ਉੱਪਰੋਂ DAP ਅਤੇ ਯੂਰੀਆ ਖਾਦ ਦੀ ਕਥਿਤ ਕਿੱਲਤ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਕਪੂਰਥਲਾ ਜ਼ਿਲ੍ਹੇ ਦੀਆਂ ਕਈ ਕਿਸਾਨ ਸੁਸਾਇਟੀਆਂ ਵਿੱਚ ਖਾਦ ਉਪਲਬਧ ਨਾ ਹੋਣ ਕਾਰਨ ਕਿਸਾਨ ਦਰ-ਦਰ ਭਟਕਣ ਲਈ ਮਜਬੂਰ ਹਨ।
ਕਿਸਾਨਾਂ ਦਾ ਦੋਸ਼ ਹੈ ਕਿ ਕਈ ਸੁਸਾਇਟੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਖਾਦ ਦਾ ਇੱਕ ਵੀ ਬੋਰਾ ਨਹੀਂ ਪਹੁੰਚਿਆ। ਕਿਸਾਨ ਸੁਸਾਇਟੀਆਂ ਦੇ ਚੱਕਰ ਲਗਾ ਰਹੇ ਹਨ, ਪਰ ਖਾਲੀ ਹੱਥ ਵਾਪਸ ਮੁੜਨਾ ਪੈ ਰਿਹਾ ਹੈ।
ਇੱਕ ਮਾਮਲੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸੁਸਾਇਟੀ ਵਿੱਚ ਖਾਦ ਲੈਣ ਲਈ ਪਹੁੰਚੇ ਤਾਂ ਸੁਸਾਇਟੀ ਨੂੰ ਜਿੰਦਾ ਤਾਲਾ ਲੱਗਿਆ ਹੋਇਆ ਸੀ ਅਤੇ ਉੱਥੇ ਕੋਈ ਵੀ ਕਰਮਚਾਰੀ ਜਾਂ ਜ਼ਿੰਮੇਵਾਰ ਵਿਅਕਤੀ ਮੌਜੂਦ ਨਹੀਂ ਸੀ। ਕਿਸਾਨ ਖੱਜਲ-ਖੁਆਰ ਹੋ ਕੇ ਵਾਪਸ ਪਰਤਣ ਲਈ ਮਜਬੂਰ ਹੋਏ।
ਉੱਧਰ, ਸੁਸਾਇਟੀ ਦੇ ਸਕੱਤਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਕਿਸੇ ਦਫ਼ਤਰੀ ਕੰਮ ਲਈ ਸੁਲਤਾਨਪੁਰ ਲੋਧੀ ਸ਼ਹਿਰ ਗਏ ਹੋਏ ਸਨ, ਜਿਸ ਕਾਰਨ ਸੁਸਾਇਟੀ ਬੰਦ ਸੀ। ਹਾਲਾਂਕਿ ਕਿਸਾਨਾਂ ਦਾ ਦਾਅਵਾ ਹੈ ਕਿ ਪਿਛਲੇ ਕਰੀਬ 10 ਦਿਨਾਂ ਤੋਂ ਸੁਸਾਇਟੀ ਵਿੱਚ ਖਾਦ ਦਾ ਇੱਕ ਵੀ ਬੋਰਾ ਨਹੀਂ ਆਇਆ।
ਖਾਦ ਦੇ ਨਾਲ ਵਾਧੂ ਸਮਾਨ ਦੀ ਕਥਿਤ ਟੈਗਿੰਗ ਦਾ ਵੀ ਇਲਜ਼ਾਮ
ਕਿਸਾਨਾਂ ਦਾ ਸਭ ਤੋਂ ਵੱਡਾ ਇਤਰਾਜ਼ ਖਾਦ ਨਾਲ ਵਾਧੂ ਖੇਤੀ ਉਤਪਾਦਾਂ ਦੀ ਕਥਿਤ ਟੈਗਿੰਗ ਨੂੰ ਲੈ ਕੇ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਜਿੱਥੇ DAP ਜਾਂ ਹੋਰ ਖਾਦ ਉਪਲਬਧ ਹੁੰਦੀ ਹੈ, ਉੱਥੇ ਇਸ ਦੇ ਨਾਲ TSP, ਨੈਨੋ DAP, ਨੈਨੋ ਯੂਰੀਆ, ਸਲਫਰ, ਦਵਾਈਆਂ ਅਤੇ ਹੋਰ ਖੇਤੀ ਉਤਪਾਦ ਲੈਣ ਲਈ ਕਿਹਾ ਜਾਂਦਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਖਾਦ ਦੀ ਲੋੜ ਅਤੇ ਬਾਜ਼ਾਰ ਵਿੱਚ ਉਪਲਬਧਤਾ ਘੱਟ ਹੋਣ ਕਾਰਨ ਉਹ ਵਿਕਰੇਤਾਵਾਂ ਵੱਲੋਂ ਦੱਸੀਆਂ ਸ਼ਰਤਾਂ ਮੰਨਣ ਲਈ ਮਜਬੂਰ ਹੋ ਜਾਂਦੇ ਹਨ। ਇਸ ਨਾਲ ਪਹਿਲਾਂ ਹੀ ਵਧ ਰਹੀ ਖੇਤੀ ਲਾਗਤ ਉੱਪਰ ਹੋਰ ਵਿੱਤੀ ਬੋਝ ਪੈਂਦਾ ਹੈ।
ਕਿਸਾਨਾਂ ਨੇ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਹੈ ਕਿ DAP ਅਤੇ ਯੂਰੀਆ ਦੀ ਸਪਲਾਈ ਤੁਰੰਤ ਯਕੀਨੀ ਬਣਾਈ ਜਾਵੇ, ਸੁਸਾਇਟੀਆਂ ਵਿੱਚ ਖਾਦ ਦੀ ਉਪਲਬਧਤਾ ਦੀ ਜਾਂਚ ਕੀਤੀ ਜਾਵੇ ਅਤੇ ਖਾਦ ਨਾਲ ਕਿਸੇ ਵੀ ਤਰ੍ਹਾਂ ਦੀ ਕਥਿਤ ਟੈਗਿੰਗ ਦੀ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
- Download Babushahi App
-
-