ਕੌਮਾਂਤਰੀ ਔਰਤ ਦਿਵਸ: ਪੰਧੇਰ ਦੀ ਮਨਜੀਤ ਕੌਰ ਨੇ ਸਿਰਜੀ ਮਹਿਲਾ ਸ਼ਕਤੀਕਰਨ ਦੀ ਨਵੀਂ ਕਹਾਣੀ
ਅਸ਼ੋਕ ਵਰਮਾ
ਬਰਨਾਲਾ, 7 ਮਾਰਚ 2026:ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਵੈ ਸਹਾਇਤਾ ਗਰੁੱਪਾਂ ਰਾਹੀਂ ਜਿੱਥੇ ਔਰਤਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲ ਰਿਹਾ ਹੈ, ਓਥੇ ਉਹਨਾਂ ਦੇ ਹੁਨਰ ਨੂੰ ਨਵੀਂ ਪਛਾਣ ਮਿਲ ਰਹੀ ਹੈ। ਇਸ ਦੀ ਮਿਸਾਲ ਹੈ ਪਿੰਡ ਪੰਧੇਰ ਦਾ ਗੁਰੂ ਨਾਨਕ ਦੇਵ ਜੀ ਸਵੈ ਸਹਾਇਤਾ ਸਮੂਹ, ਜਿਸ ਦੀ ਅਗਵਾਈ ਕਰਨ ਵਾਲੀ ਮਨਜੀਤ ਕੌਰ (36 ਸਾਲ) ਜਿੱਥੇ ਆਪ ਸਵੈ ਸਹਾਇਤਾ ਗਰੁੱਪ ਰਾਹੀਂ ਆਰਥਿਕ ਤੌਰ ਉੱਤੇ ਮਜ਼ਬੂਤ ਹੋਈ ਹੈ ਅਤੇ ਖੁਦ ਅੱਗੇ ਪੜ੍ਹਾਈ ਕਰ ਰਹੀ ਹੈ, ਓਥੇ ਹੋਰਨਾਂ ਔਰਤਾਂ ਨੂੰ ਵੀ ਸਵੈ ਸਹਾਇਤਾ ਗਰੁੱਪਾਂ ਨਾਲ ਜੋੜ ਰਹੀ ਹੈ ਅਤੇ ਉਹਨਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰ ਰਹੀ ਹੈ।
ਮਨਜੀਤ ਕੌਰ ਵਾਸੀ ਪੰਧੇਰ ਨੇ ਦੱਸਿਆ ਕਿ ਉਹਨਾਂ ਦਾ "ਗੁਰੂ ਨਾਨਕ ਦੇਵ ਜੀ" ਸਵੈ ਸਹਾਇਤਾ ਗਰੁੱਪ ਪਿੰਡ ਪੰਧੇਰ ਦਾ ਪਹਿਲਾ ਗਰੁੱਪ ਸੀ ਜੋ ਕਿ ਸਾਲ 2021 ਵਿੱਚ ਬਣਿਆ ਸੀ। ਇਸ ਤੋਂ ਪਹਿਲਾਂ ਉਹ ਘਰ ਵਿੱਚ ਸਿਲਾਈ ਦਾ ਕੰਮ ਕਰਦੀ ਸੀ। ਪਤੀ ਦੀ ਆਮਦਨ ਵੀ ਬਹੁਤੀ ਨਹੀਂ ਸੀ, ਇਸ ਲਈ ਵਿੱਤੀ ਹਾਲਾਤ ਬਹੁਤ ਸੁਖਾਵੇਂ ਨਹੀਂ ਸਨ। ਉਸਨੂੰ ਪਤਾ ਲੱਗਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਦੇ ਸਵੈ ਸਹਾਇਤਾ ਗਰੁੱਪ ਬਣਦੇ ਹਨ ਜਿਨ੍ਹਾਂ ਨੂੰ ਸਰਕਾਰ ਵਲੋਂ ਵਿੱਤੀ ਮਦਦ ਕੀਤੀ ਜਾਂਦੀ ਹੈ ਤਾਂ ਜੋ ਔਰਤਾਂ ਆਪਣੇ ਪੈਰਾਂ ਉੱਤੇ ਖੜ੍ਹੀਆਂ ਹੋ ਸਕਣ।
ਸਾਲ 2021 ਉਹਨਾਂ ਵਲੋਂ 10 ਔਰਤਾਂ ਦਾ ਸਵੈ ਸਹਾਇਤਾ ਸਮੂਹ ਬਣਾਇਆ ਗਿਆ ਜਿਨ੍ਹਾਂ ਨੇ ਵਿਰਾਸਤੀ ਵਸਤਾਂ ਜਿਵੇਂ ਪੱਖੀਆਂ, ਘੱਗਰੇ, ਪਰਾਂਦੇ, ਫੁਲਕਾਰੀਆਂ, ਈਨੂੰ, ਕਢਾਈ ਵਾਲੇ ਝੋਲੇ ਆਦਿ ਬਣਾਉਣਾ ਸ਼ੁਰੂ ਕੀਤਾ ਅਤੇ ਗਰੁੱਪ ਦੀਆਂ ਸਟਾਲਾਂ ਲਾਉਣੀਆਂ ਸ਼ੁਰੂ ਕੀਤੀਆਂ। ਇਸ ਮਗਰੋਂ ਇੱਕ ਹੋਰ ਗਰੁੱਪ ਮਾਤਾ ਗੁਜਰੀ ਗਰੁੱਪ, ਪੰਧੇਰ ਵੀ ਬਣਾਇਆ ਗਿਆ ਜਿਸ ਦੀ ਅਗਵਾਈ ਸਰਬਜੀਤ ਕੌਰ ਕਰ ਰਹੇ ਹਨ। ਇਹਨਾਂ ਦੋਵੇਂ ਗਰੁੱਪਾਂ ਵਲੋਂ ਵਿਰਾਸਤੀ ਸਮਾਨ ਬਣਾ ਕੇ ਵੇਚਣਾ ਸ਼ੁਰੂ ਕੀਤਾ ਗਿਆ। ਸਾਲ 2025 ਤੋਂ ਕੰਮ ਦਾ ਦਾਇਰਾ ਵਧਾਉਂਦੇ ਹੋਏ ਵੱਖ ਵੱਖ ਤਰ੍ਹਾਂ ਦੇ ਆਚਾਰ ਅਤੇ ਸੇਵੀਆਂ, ਹੱਥ ਦੀ ਕਢਾਈ ਵਾਲੇ ਸੂਟਾਂ ਆਦਿ ਦਾ ਕੰਮ ਵੀ ਸ਼ੁਰੂ ਕੀਤਾ ਜਿਸ ਨੂੰ ਹੁਣ ਵਧੀਆ ਹੁੰਗਾਰਾ ਮਿਲ ਰਿਹਾ ਹੈ।
ਓਹਨਾਂ ਦੱਸਿਆ ਕਿ ਉਹਨਾਂ ਦੇ ਗਰੁੱਪ ਨੂੰ 30 ਹਜ਼ਾਰ ਦਾ ਰੀਵੋਲਵਿੰਗ ਫੰਡ ਵੀ ਮਿਲਿਆ ਜਿਸ ਮਗਰੋਂ ਵਿਲੇਜ ਆਰਗਨਾਈਜੇਸ਼ਨ (ਵੀਓ) ਬਣਾਉਣ ਉੱਤੇ 50 ਹਜ਼ਾਰ ਰੁਪਏ ਕਮਿਊਨਿਟੀ ਇਨਵੈਸਟਮੈਂਟ ਫੰਡ ਅਤੇ ਕੈਸ਼ ਕ੍ਰੈਡਿਟ ਲਿਮਿਟ ਦੀ ਸਹੂਲਤ ਵੀ ਮਿਲੀ ਜਿਸ ਨਾਲ ਗਰੁੱਪ ਦੇ ਮੈਂਬਰ ਰਣਜੀਤ ਕੌਰ ਨੂੰ ਕਢਾਈ ਵਾਲੀ ਮਸ਼ੀਨ ਅਤੇ ਮੈਂਬਰ ਵੀਰਪਾਲ ਕੌਰ ਨੂੰ ਡਿਜੀਟਲ ਪੇਂਟ ਵਾਲੀ ਮਸ਼ੀਨ ਲੈ ਕੇ ਦਿੱਤੀ ਗਈ ਜਿਸ ਸਕਦਾ ਇਹ ਦੋਵੇਂ ਔਰਤਾਂ ਆਪਣੇ ਘਰ ਦਾ ਗੁਜ਼ਾਰਾ ਵਧੀਆ ਤੋਰ ਰਹੀਆਂ ਹਨ।
ਓਹਨਾਂ ਦੱਸਿਆ ਕਿ ਉਹਨਾਂ ਦੇ ਸਮੂਹ ਵਲੋਂ ਲੁਧਿਆਣਾ, ਮੋਹਾਲੀ, ਸੰਗਰੂਰ, ਬਰਨਾਲਾ ਆਦਿ ਜ਼ਿਲ੍ਹਿਆਂ ਵਿੱਚ ਮੇਲਿਆਂ ਰਾਹੀਂ ਸਟਾਲਾਂ ਲਗਾ ਕੇ ਆਪਣੇ ਉਤਪਾਦਾਂ ਦੀ ਵਿਕਰੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਮੋਹਾਲੀ ਵਿਖੇ ਆਜੀਵਿਕਾ ਹੱਟ 'ਚ ਉਹਨਾਂ ਦਾ ਸਮਾਨ ਜਾਂਦਾ ਹੈ।
ਇਸ ਤੋਂ ਇਲਾਵਾ ਉਹਨਾਂ ਦੇ ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਵਟਸਐਪ ਗਰੁੱਪ ਬਣੇ ਹੋਏ ਹਨ ਜਿਨ੍ਹਾਂ ਰਾਹੀਂ ਉਹ ਆਪਣੇ ਉਤਪਾਦਾਂ ਦੀ ਵਿਕਰੀ ਕਰਦੇ ਹਨ।
ਮਨਜੀਤ ਕੌਰ ਨੇ ਦੱਸਿਆ ਕਿ ਗਰੁੱਪ ਮੈਂਬਰ ਬਣਨ ਦੇ ਨਾਲ ਨਾਲ ਉਸਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਾਲ 2023 ਵਿੱਚ ਈ ਬੁੱਕ ਕੀਪਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਸਾਲ 2024 ਵਿੱਚ ਐਕਟਿਵ ਵਿਮੈਨ ਵਜੋਂ ਅਤੇ ਲੱਖਪਤੀ ਦੀਦੀ ਵਜੋਂ, ਸਾਲ 2025 ਵਿੱਚ ਸਟੇਟ ਰੀਸੋਰਸ ਪਰਸਨ ਅਤੇ ਹੁਣ ਕਲੱਸਟਰ ਲੈਵਲ ਮੈਨੇਜਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ ਅਤੇ ਬਲਾਕ ਬਰਨਾਲਾ ਦੀਆਂ ਔਰਤਾਂ ਨੂੰ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕਰ ਰਹੀ ਹੈ ਅਤੇ ਬਲਾਕ ਦੀਆਂ ਸੈਂਕੜੇ ਔਰਤਾਂ ਦੀ ਅਗਵਾਈ ਕਰ ਰਹੀ ਹੈ।
ਮਨਜੀਤ ਕੌਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਉਸਨੂੰ ਇਹ ਮਹਿਸੂਸ ਹੋਇਆ ਕਿ ਉਹ ਆਰਥਿਕ ਤੌਰ 'ਤੇ ਆਤਮ ਨਿਰਭਰ ਹੈ, ਜਿਸ ਕਰ ਕੇ ਉਸਨੇ ਨਾਲ ਨਾਲ ਪੜ੍ਹਾਈ ਕਰਨ ਦੀ ਰੀਝ ਵੀ ਪੂਰੀ ਕੀਤੀ।
ਓਹਨਾਂ ਦੱਸਿਆ ਕਿ ਸਾਲ 2005 ਵਿਚ ਪਿਤਾ ਦੀ ਮੌਤ ਹੋ ਗਈ ਸੀ ਅਤੇ ਸਾਲ 2006 ਵਿੱਚ ਉਸ ਦਾ ਵਿਆਹ ਹੋ ਗਿਆ ਤੇ ਪੜ੍ਹਾਈ ਵਿਚਾਲੇ ਰਹਿ ਗਈ ਪਰ ਪੜ੍ਹਨ ਦੀ ਤਾਂਘ ਬਰਕਰਾਰ ਸੀ। ਇਸ ਕਰਕੇ ਸਾਲ 2023 ਵਿੱਚ ਬਾਰ੍ਹਵੀਂ ਦੇ ਇਮਤਿਹਾਨ ਦਿੱਤੇ ਅਤੇ ਹੁਣ ਭੀਖੀ ਦੇ ਇੱਕ ਕਾਲਜ ਤੋਂ ਬੀ ਏ ਕਰ ਰਹੀ ਹੈ ਜਦਕਿ ਉਸ ਦਾ ਦਾ ਪੁੱਤ ਬਾਰ੍ਹਵੀਂ ਕਰ ਰਿਹਾ ਹੈ ਅਤੇ ਧੀਂ ਗਿਆਰ੍ਹਵੀਂ ਕਰ ਰਹੀ ਹੈ।
ਉਹ ਆਪ ਪੜ੍ਹਨ ਦੇ ਨਾਲ ਨਾਲ ਦੂਜੀਆਂ ਔਰਤਾਂ ਨੂੰ ਵੀ ਅੱਗੇ ਪੜ੍ਹਨ ਲਈ ਪ੍ਰੇਰਿਤ ਕਰ ਰਹੀ ਹੈ। ਉਸਨੇ ਦੱਸਿਆ ਕਿ ਉਸਦੇ ਬਲਾਕ ਦੀਆਂ ਵੱਡੀ ਗਿਣਤੀ ਔਰਤਾਂ ਅੱਗੇ ਪੜ੍ਹਾਈ ਕਰ ਰਹੀਆਂ ਹਨ ਜਿਨ੍ਹਾਂ ਵਿਚ ਬੇਅੰਤ ਕੌਰ ਵਾਸੀ ਪਿੰਡ ਧੂਰਕੋਟ (34 ਸਾਲ) ਦਸਵੀਂ, ਰੇਖਾ ਰਾਣੀ ਵਾਸੀ ਪਿੰਡ ਸੇਖਾ (30 ਸਾਲ) ਬੀ ਏ ਪਹਿਲਾ ਸਾਲ, ਕਿਰਪਾਲ ਕੌਰ ਵਾਸੀ ਸੇਖਾ (31 ਸਾਲ) ਬਾਰ੍ਹਵੀਂ, ਕਿਰਪਾਲ ਕੌਰ ਦੀ ਭੈਣ ਗੁਰਮੀਤ ਕੌਰ (36 ਸਾਲ) ਨੇ ਪਿਛਲੇ ਸਾਲ ਬਾਰ੍ਹਵੀਂ ਕੀਤੀ ਹੈ। ਇਹ ਉਹ ਵਿਆਹੁਤਾ ਔਰਤਾਂ ਹਨ ਜਿਨ੍ਹਾਂ ਦੇ ਹੁਨਰ ਨੂੰ ਸਵੈ ਸਹਾਇਤਾ ਗਰੁੱਪਾਂ ਰਾਹੀਂ ਪਛਾਣ ਮਿਲੀ, ਓਥੇ ਅੱਗੇ ਪੜ੍ਹਾਈ ਕਰਨ ਦਾ ਸੁਪਨਾ ਵੀ ਪੂਰਾ ਕਰ ਰਹੀਆਂ ਹਨ।
ਆਤਮ ਨਿਰਭਰ ਕਰਨ ਦਾ ਮੰਚ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਰਾਹੀਂ ਔਰਤਾਂ ਦੇ ਗਰੁੱਪਾਂ ਨੂੰ ਜਿੱਥੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਓਥੇ ਉਹਨਾਂ ਦੇ ਉਤਪਾਦਾਂ ਦੀ ਮਾਰਕੀਟਿੰਗ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਓਹਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ 24 ਤੋਂ 26 ਫਰਵਰੀ ਨੂੰ ਪੰਜਾਬ ਸਖੀ ਸ਼ਕਤੀ ਮੇਲਾ ਇਸੇ ਮਕਸਦ ਨਾਲ ਲਾਇਆ ਗਿਆ ਸੀ। ਓਹਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਕਰੀਬ 950 ਐੱਸ ਐਚ ਜੀ (ਸੈਲਫ ਹੈਲਪ ਗਰੁੱਪ) ਬਣ ਚੁੱਕੇ ਹਨ ਜੋ ਕਿ ਆਚਾਰ, ਚਟਣੀਆਂ, ਮੁਰੱਬੇ, ਫੁਲਕਾਰੀਆਂ ਸਮੇਤ ਵਿਰਾਸਤੀ ਚੀਜ਼ਾਂ, ਵੱਖ ਵੱਖ ਤਰ੍ਹਾਂ ਦੇ ਖਾਣਿਆਂ, ਪਸ਼ੂ ਪਾਲਣ ਆਦਿ ਦਾ ਕੰਮ ਕਰ ਰਹੇ ਹਨ।
ਸਰਕਾਰ ਦਿੰਦੀ ਸਹਾਇਤਾ: ਡਾ. ਬੇਦੀ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਔਰਤਾਂ ਦੇ ਸ਼ਕਤੀਕਰਨ ਲਈ ਬੜੀ ਅਹਿਮ ਯੋਜਨਾ ਹੈ ਜਿਸ ਰਾਹੀਂ ਪਿੰਡਾਂ ਦੀਆਂ ਔਰਤਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ 'ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ। ਸਵੈ ਸਹਾਇਤਾ ਗਰੁੱਪ 10 ਔਰਤਾਂ ਦਾ ਸਮੂਹ ਹੁੰਦਾ ਹੈ ਜੋ ਲਗਾਤਾਰ ਬੱਚਤ ਕਰਦੀਆਂ ਹਨ ਅਤੇ ਅੰਦਰੂਨੀ ਕਰਜ਼ ਰਾਹੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ। ਇਸ ਤੋਂ ਇਲਾਵਾ ਉਹਨਾਂ ਨੂੰ 30,000 ਰੁਪਏ ਰਿਵੋਲਵਿੰਗ ਫੰਡ, ਵਿਲੇਜ ਆਰਗਨਾਈਜੇਸ਼ਨ ਨੂੰ 50,000 ਰੁਪਏ ਕਮਿਊਨਟੀ ਇਨਵੈਸਟਮੈਂਟ ਫੰਡ ਅਤੇ ਕੈਸ਼ ਕਰੈਡਿਟ ਲਿਮਿਟ ਦੀ ਸਹੂਲਤ ਨਿਯਮਾਂ ਅਨੁਸਾਰ ਦਿੱਤੀ ਜਾਂਦੀ ਹੈ।
Click to Follow Babushahi Facebook page →