ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੇ ਐੱਮ.ਐੱਸ.ਪੀ. 'ਚ ਵਾਧਾ: ਤੇਲ ਬੀਜਾਂ ਅਤੇ ਦਾਲਾਂ ਨੂੰ ਵੱਡਾ ਹੁਲਾਰਾ, ਕਣਕ ਦੇ ਭਾਅ ਵਿੱਚ 25 ਰੁਪਏ ਦਾ ਵਾਧਾ
ਨਵੀਂ ਦਿੱਲੀ, 30 ਸਤੰਬਰ, 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਦੌਰਾਨ ਸਾਲ 2027-28 ਦੇ ਮਾਰਕੀਟਿੰਗ ਸੀਜ਼ਨ ਲਈ ਹਾੜ੍ਹੀ ਦੀਆਂ 6 ਲਾਜ਼ਮੀ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਫੈਸਲੇ ਦਾ ਐਲਾਨ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਬ੍ਰੀਫਿੰਗ ਦੌਰਾਨ ਕੀਤਾ। ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਅਤੇ ਆਯਾਤ 'ਤੇ ਨਿਰਭਰਤਾ ਘਟਾਉਣ ਦੇ ਮਕਸਦ ਨਾਲ ਤੇਲ ਬੀਜਾਂ ਅਤੇ ਦਾਲਾਂ ਦੇ ਭਾਅ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ, ਜਦਕਿ ਕਣਕ ਦੇ ਸਮਰਥਨ ਮੁੱਲ ਵਿੱਚ ਸਭ ਤੋਂ ਘੱਟ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।
ਸੋਧੀਆਂ ਗਈਆਂ ਨਵੀਆਂ ਕੀਮਤਾਂ ਅਨੁਸਾਰ ਕਸੁੰਭਰੇ (ਕੇਸਰ) ਦੇ ਮੁੱਲ ਵਿੱਚ ਸਭ ਤੋਂ ਵੱਧ 675 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਕੀਮਤ 7,215 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਸਰ੍ਹੋਂ ਦੇ ਭਾਅ ਵਿੱਚ 413 ਰੁਪਏ ਦਾ ਵਾਧਾ ਕਰਕੇ 6,613 ਰੁਪਏ ਅਤੇ ਮਸਰ ਦੀ ਦਾਲ ਵਿੱਚ 390 ਰੁਪਏ ਦਾ ਵਾਧਾ ਕਰਕੇ 7,390 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੌਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 136 ਰੁਪਏ ਵਾਧੇ ਨਾਲ 2,286 ਰੁਪਏ ਅਤੇ ਛੋਲਿਆਂ ਵਿੱਚ 83 ਰੁਪਏ ਵਾਧੇ ਨਾਲ 5,958 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਦੂਜੇ ਪਾਸੇ, ਕਣਕ ਦਾ ਐੱਮ.ਐੱਸ.ਪੀ. ਪਿਛਲੇ ਸੀਜ਼ਨ ਦੇ 2,585 ਰੁਪਏ ਤੋਂ 25 ਰੁਪਏ ਵਧ ਕੇ 2,610 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗਾ, ਜੋ ਕਿ ਪਿਛਲੇ ਸਾਲਾਂ ਦੇ ਵਾਧੇ ਮੁਕਾਬਲੇ ਕਾਫ਼ੀ ਘੱਟ ਹੈ।
ਸਰਕਾਰ ਅਨੁਸਾਰ ਇਹ ਨਵੀਆਂ ਕੀਮਤਾਂ 2018-19 ਦੇ ਬਜਟ ਵਿੱਚ ਐਲਾਨੀ ਨੀਤੀ ਦੇ ਅਨੁਕੂਲ ਹਨ, ਜਿਸ ਤਹਿਤ ਸਮਰਥਨ ਮੁੱਲ ਲਾਗਤ ਨਾਲੋਂ ਘੱਟੋ-ਘੱਟ 1.5 ਗੁਣਾ ਰੱਖਿਆ ਜਾਂਦਾ ਹੈ। ਸਾਲ 2027-28 ਲਈ ਕਣਕ 'ਤੇ ਉਤਪਾਦਨ ਲਾਗਤ ਤੋਂ 106 ਫੀਸਦੀ, ਸਰ੍ਹੋਂ 'ਤੇ 96 ਫੀਸਦੀ ਅਤੇ ਮਸਰ 'ਤੇ 92 ਫੀਸਦੀ ਮੁਨਾਫ਼ਾ ਮਿਲਣ ਦਾ ਅਨੁਮਾਨ ਹੈ। ਸਰਕਾਰੀ ਰਿਲੀਜ਼ ਅਨੁਸਾਰ 2014-15 ਤੋਂ 2025-26 ਦੌਰਾਨ ਕਣਕ ਦੀ ਸਰਕਾਰੀ ਖਰੀਦ 3,715 ਲੱਖ ਮੀਟ੍ਰਿਕ ਟਨ ਰਹੀ ਹੈ, ਜਿਸ ਲਈ ਕਿਸਾਨਾਂ ਨੂੰ 7.31 ਲੱਖ ਕਰੋੜ ਰੁਪਏ ਦੀ ਐੱਮ.ਐੱਸ.ਪੀ. ਅਦਾਇਗੀ ਕੀਤੀ ਗਈ ਹੈ।
- Download Babushahi App
-
-