ਕੁਦਰਤ ਦੀ ਮਾਰ ਅਤੇ ਪ੍ਰਸ਼ਾਸਨ ਦੀ ਅਣਗਹਿਲੀ: ਮੰਡੀਆਂ 'ਚ ਰੁੜ੍ਹਿਆ ਕਿਸਾਨਾਂ ਦਾ ਝੋਨਾ, ਹੋਇਆ ਵੱਡੇ ਪੱਧਰ 'ਤੇ ਨੁਕਸਾਨ
Babushahi Network
ਚੰਡੀਗੜ੍ਹ, 11 ਅਕਤੂਬਰ 2026- ਪੰਜਾਬ ਵਿੱਚ ਅੱਜ ਸਵੇਰ ਤੋਂ ਹੀ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ, ਗਰਜ-ਚਮਕ, ਤੇਜ਼ ਹਵਾਵਾਂ ਅਤੇ ਭਾਰੀ ਬਰਸਾਤ ਨੇ ਸੂਬੇ ਦੇ ਕਿਸਾਨਾਂ 'ਤੇ ਬੜੀ ਵੱਡੀ ਆਫ਼ਤ ਢਾਹੀ ਹੈ। ਇੱਕ ਪਾਸੇ ਜਿੱਥੇ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਵਿੱਛ ਗਈ ਹੈ, ਉੱਥੇ ਹੀ ਦੂਜੇ ਪਾਸੇ ਅਨਾਜ ਮੰਡੀਆਂ ਵਿੱਚ ਪਾਣੀ ਦੀ ਨਿਕਾਸੀ ਅਤੇ ਰੱਖ-ਰਖਾਅ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਰਕੇ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਪਾਣੀ ਵਿੱਚ ਰੁੜ੍ਹਦੀ ਅਤੇ ਭਿੱਜਦੀ ਨਜ਼ਰ ਆ ਰਹੀ ਹੈ। ਇਸ ਅਚਾਨਕ ਆਈ ਕੁਦਰਤੀ ਆਫ਼ਤ ਅਤੇ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਵਿੱਚ ਭਾਰੀ ਰੋਸ ਅਤੇ ਚਿੰਤਾ ਦੀ ਲਹਿਰ ਦੌੜ ਗਈ ਹੈ।
ਕਿਸਾਨੀ ਦਾ ਤੇਜ਼ ਬਾਰਿਸ਼ ਅਤੇ ਹਵਾਵਾਂ ਨੇ ਲੱਕ ਤੋੜ ਕੇ ਰੱਖ'ਤਾ
ਖੇਤਾਂ 'ਚ ਪੱਕੀ ਫਸਲ ਹੋਈ ਤਬਾਹ ਹਲਕਾ ਫਤਿਹਗੜ੍ਹ ਚੂੜੀਆਂ ਦੇ ਇਲਾਕੇ ਵਿੱਚ ਸਵੇਰ ਤੋਂ ਸ਼ੁਰੂ ਹੋਈ ਤੇਜ਼ ਬਾਰਿਸ਼ ਅਤੇ ਹਵਾਵਾਂ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇੱਥੇ ਝੋਨੇ ਦੀ ਤਿਆਰ ਫਸਲ ਤੋਂ ਇਲਾਵਾ ਤੇਜ਼ ਹਵਾਵਾਂ ਕਾਰਨ ਕਮਾਦ (ਗੰਨੇ) ਅਤੇ ਪੱਠਿਆਂ ਦੀਆਂ ਫਸਲਾਂ ਵੀ ਧਰਤੀ 'ਤੇ ਵਿੱਛ ਗਈਆਂ ਹਨ।

ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਨਵੀਂਆਂ ਬੀਜੀਆਂ ਗਈਆਂ ਸਬਜ਼ੀਆਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਦੁਖੀ ਮਨ ਨਾਲ ਆਪਣਾ ਦਰਦ ਬਿਆਨ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ ਸੀ ਕਿ ਹੜ੍ਹਾਂ ਦਾ ਮੁਸ਼ਕਿਲ ਸਮਾਂ ਲੰਘ ਚੁੱਕਾ ਹੈ ਅਤੇ ਫਸਲ ਚੰਗੀ ਹੋਵੇਗੀ, ਪਰ ਜਦੋਂ ਫਸਲ ਬਿਲਕੁਲ ਪੱਕ ਕੇ ਵੱਢਣ ਯੋਗ ਹੋਈ ਤਾਂ ਇਸ ਬੇਮੌਸਮੀ ਬਰਸਾਤ ਨੇ ਸਭ ਕੁੱਝ ਤਬਾਹ ਕਰ ਦਿੱਤਾ। ਇਲਾਕੇ ਵਿੱਚ ਅਜੇ ਵੀ ਅਸਮਾਨ 'ਚ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਹਨ ਅਤੇ ਕਿਣ-ਮਿਣ ਜਾਰੀ ਹੈ, ਨੁਕਸਾਨ ਹੋਰ ਵਧਣ ਦਾ ਖ਼ਦਸ਼ਾ ਹੈ।
ਝੋਨੇ ਦੀਆਂ ਢੇਰੀਆਂ ਪਾਣੀ 'ਚ ਡੁੱਬੀਆਂ, ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ
ਝੋਨੇ ਦੀਆਂ ਢੇਰੀਆਂ ਪਾਣੀ 'ਚ ਡੁੱਬੀਆਂ, ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਪਏ ਮੀਂਹ ਅਤੇ ਝੱਖੜ ਨੇ ਪ੍ਰਸ਼ਾਸਨ ਅਤੇ ਮੰਡੀ ਬੋਰਡ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਮੰਡੀ ਵਿੱਚ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਕਈ ਫੁੱਟ ਤੱਕ ਪਾਣੀ ਭਰ ਗਿਆ, ਜਿਸ ਨਾਲ ਮੰਡੀ ਜਲ-ਥਲ ਹੋ ਗਈ। ਕਿਸਾਨਾਂ ਦੀਆਂ ਝੋਨੇ ਦੀਆਂ ਢੇਰੀਆਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ ਅਤੇ ਕਈ ਥਾਵਾਂ 'ਤੇ ਫਸਲ ਦਾ ਪਤਾ ਲਗਾਉਣਾ ਵੀ ਔਖਾ ਹੋ ਗਿਆ।
ਕਈ ਕਿਸਾਨਾਂ ਦੀਆਂ ਟਰਾਲੀਆਂ ਵਿੱਚ ਪਿਆ ਝੋਨਾ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਗਿਆ ਅਤੇ ਮੰਡੀ ਦੀਆਂ ਸੜਕਾਂ 'ਤੇ ਖਿੱਲਰ ਗਿਆ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੋਲਡੀ ਸਚਦੇਵਾ ਨੇ ਦੱਸਿਆ ਕਿ ਮੰਡੀ ਵਿੱਚ ਪ੍ਰਬੰਧਾਂ ਦੀ ਘਾਟ ਕਾਰਨ ਕਰੋੜਾਂ ਰੁਪਏ ਦਾ ਮਾਲ ਖਰਾਬ ਹੋ ਗਿਆ ਹੈ। ਇਸ ਨਾਲ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਵੀ ਅੱਗੇ ਚੱਲ ਕੇ ਵੱਡਾ ਆਰਥਿਕ ਘਾਟਾ ਝੱਲਣਾ ਪਵੇਗਾ।

ਤਰਪਾਲਾਂ ਤੇ ਲੇਬਰ ਦੀ ਘਾਟ ਨਾਲ ਭਿੱਜਿਆ ਝੋਨਾ
ਤਰਪਾਲਾਂ ਤੇ ਲੇਬਰ ਦੀ ਘਾਟ ਨਾਲ ਭਿੱਜਿਆ ਝੋਨਾ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਵੀ ਅਚਾਨਕ ਪਏ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ। ਮੰਡੀ ਵਿੱਚ ਝੋਨਾ ਲੈ ਕੇ ਪਹੁੰਚੇ ਕਿਸਾਨ ਸ਼ੇਰ ਜੰਗ ਅਤੇ ਹੋਰਾਂ ਨੇ ਦੱਸਿਆ ਕਿ ਮੰਡੀ ਵਿੱਚ ਫਸਲ ਨੂੰ ਢੱਕਣ ਲਈ ਤਰਪਾਲਾਂ ਤੱਕ ਦਾ ਪ੍ਰਬੰਧ ਨਹੀਂ ਸੀ ਅਤੇ ਨਾ ਹੀ ਆੜ੍ਹਤੀਆਂ ਵੱਲੋਂ ਲੋੜੀਂਦੀ ਲੇਬਰ ਮੁਹੱਈਆ ਕਰਵਾਈ ਗਈ। ਕਿਸਾਨ ਆਪ ਹੀ ਬਾਰਿਸ਼ ਵਿੱਚ ਆਪਣੀ ਝੋਨੇ ਦੀ ਢੇਰੀ ਨੂੰ ਬਚਾਉਣ ਲਈ ਜੱਦੋ-ਜਹਿਦ ਕਰਦੇ ਨਜ਼ਰ ਆਏ। ਬਹੁਤ ਸਾਰੀਆਂ ਝੋਨੇ ਦੀਆਂ ਬੋਰੀਆਂ ਅਤੇ ਢੇਰੀਆਂ ਖੁੱਲ੍ਹੇ ਅਸਮਾਨ ਹੇਠਾਂ ਭਿੱਜਦੀਆਂ ਰਹੀਆਂ।
ਸਰਕਾਰ ਅਤੇ ਪ੍ਰਸ਼ਾਸਨ 'ਤੇ ਖੜ੍ਹੇ ਹੋਏ ਗੰਭੀਰ ਸਵਾਲ ਹਾਲਾਂਕਿ ਮੌਸਮ ਦੀ ਮਾਰ ਅੱਗੇ ਕਿਸੇ ਦਾ ਵੱਸ ਨਹੀਂ ਹੈ, ਪਰ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਦੇ ਬਾਵਜੂਦ ਅਗਾਊਂ ਪ੍ਰਬੰਧ ਨਾ ਕਰਨਾ ਮੰਡੀ ਬੋਰਡ ਅਤੇ ਸਬੰਧਤ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਨੂੰ ਦਰਸਾਉਂਦਾ ਹੈ। ਮੰਡੀਆਂ ਵਿੱਚ ਪਾਣੀ ਦੀ ਨਿਕਾਸੀ, ਤਰਪਾਲਾਂ ਦਾ ਸੁਚੱਜਾ ਪ੍ਰਬੰਧ ਅਤੇ ਫਸਲ ਦੀ ਸੁਰੱਖਿਆ ਦੇ ਦਾਅਵੇ ਪੂਰੀ ਤਰ੍ਹਾਂ ਫਲਾਪ ਸਾਬਤ ਹੋਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੀੜਤ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਕੀ ਰਾਹਤ ਦਿੱਤੀ ਜਾਂਦੀ ਹੈ ਅਤੇ ਮੰਡੀਆਂ ਵਿੱਚੋਂ ਪਾਣੀ ਦੀ ਨਿਕਾਸੀ ਲਈ ਕੀ ਤੁਰੰਤ ਕਦਮ ਚੁੱਕੇ ਜਾਂਦੇ ਹਨ?
- Download Babushahi App
-
-