ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਚਾਰ ਰੋਜ਼ਾ ਸਿਖ਼ਲਾਈ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 26 ਫ਼ਰਵਰੀ 2026 : ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਬਠਿੰਡਾ ਡਾ. ਤੇਜਦੀਪ ਕੌਰ ਬੋਪਾਰਾਏ ਦੀ ਅਗਵਾਈ ਹੇਠ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਤੇ ਆਤਮਾ ਸਕੀਮ ਹੇਠ “ਰਿਜਨਰੇਟਿਵ ਐਗ੍ਰੀਕਲਚਰ – ਇਕ ਕੁਦਰਤੀ ਖੇਤੀ ਪੱਧਤੀ” ਵਿਸ਼ੇ ’ਤੇ ਚਾਰ ਰੋਜ਼ਾ ਸਿਖ਼ਲਾਈ ਪ੍ਰੋਗਰਾਮ 23 ਤੋਂ 26 ਫ਼ਰਵਰੀ ਤੱਕ ਸਥਾਨਕ ਖੇਤੀ ਭਵਨ ਵਿਖੇ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਰਿਜਨਰੇਟਿਵ (ਮੁੜ ਸੁਰਜੀਤ) ਅਤੇ ਕੁਦਰਤੀ ਖੇਤੀ ਪ੍ਰਣਾਲੀਆਂ ਬਾਰੇ ਜਾਗਰੂਕ ਕਰਨਾ, ਮਿੱਟੀ ਦੀ ਸਿਹਤ ਨੂੰ ਸੁਧਾਰਨਾ ਅਤੇ ਖੇਤੀ ਨੂੰ ਟਿਕਾਊ ਅਤੇ ਲਾਭਕਾਰੀ ਬਣਾਉਣਾ ਹੈ।
ਸਿਖ਼ਲਾਈ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਡਾ. ਤੇਜਬੀਰ ਸਿੰਘ ਬੁੱਟਰ, ਡਾ. ਪ੍ਰੀਤਪਾਲ ਸਿੰਘ, ਡਾ. ਨਵਨੀਤ ਕੌਰ, ਡਾ. ਜਸਰੀਤ ਕੌਰ ਅਤੇ ਡਾ. ਗੁਰਦੀਪ ਸਿੰਘ ਵੱਲੋਂ ਮੁੜ ਸੁਰਜੀਤ ਖੇਤੀ ਦੇ ਨਿਯਮਾਂ, ਮਿੱਟੀ ਦੀ ਸਿਹਤ ਅਤੇ ਮਿੱਟੀ ਜੀਵ ਵਿਗਿਆਨ, ਸੋਇਲ ਹੈਲਥ ਕਾਰਡ ਦੀ ਵਿਆਖਿਆ, ਫਸਲ ਯੋਜਨਾ, ਜੈਵਿਕ ਪੋਸ਼ਕ ਪ੍ਰਬੰਧਨ (ਜੀਵਾਮ੍ਰਿਤ, ਬੀਜਾਮ੍ਰਿਤ, ਵਰਮੀਕੰਪੋਸਟ), ਕੁਦਰਤੀ ਕੀਟ ਅਤੇ ਰੋਗ ਪ੍ਰਬੰਧਨ ਅਤੇ ਰਿਜਨਰੇਟਿਵ ਖੇਤੀ ਦੀ ਅਰਥਸ਼ਾਸ਼ਤ੍ਰ ਬਾਰੇ ਜਾਣਕਾਰੀ ਦਿੱਤੀ। ਆਖਰੀ ਦਿਨ ਸਮਾਗਮ ਵਿੱਚ ਭਾਗ ਲੈਣ ਵਾਲਿਆਂ ਨੂੰ ਸੋਹਨਗੜ੍ਹ ਨੈਚਰਲ ਫਾਰਮ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਕੁਦਰਤੀ ਖੇਤੀ ਦੇ ਸਫਲ ਮਾਡਲਾਂ ਨੂੰ ਨਜ਼ਦੀਕੋਂ ਵੇਖਿਆ।
ਇਸ ਮੌਕੇ ਸਟੇਜ ਸੰਚਾਲਨ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨਰੇਂਦਰ ਗੋਦਾਰਾ ਅਤੇ ਬੀ.ਟੀ.ਐਮ. ਕਨਵਲਜੀਤ ਸਿੰਘ ਵੱਲੋਂ ਕੀਤਾ ਗਿਆ।
Click to Follow Babushahi Facebook page →