ਕਾਹਨੂੰਵਾਨ ਬਲਾਕ ਵਿੱਚ ਸਰਪੰਚਾਂ ਅਤੇ ਪੰਚਾਂ ਲਈ ਜਾਗਰੂਕਤਾ ਸੈਮੀਨਾਰਾਂ ਦੀ ਸ਼ੁਰੂਆਤ
ਐੱਸ.ਆਈ.ਆਰ.ਡੀ. ਪੰਜਾਬ ਵੱਲੋਂ ਗੁਣਵੱਤਾ ਭਰਪੂਰ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਅਤੇ ਪੰਚਾਇਤ ਐਡਵਾਂਸਮੈਂਟ ਇੰਡੈਕਸ ਸਬੰਧੀ ਸਮਰੱਥਾ ਵਿਕਾਸ ਪ੍ਰੋਗਰਾਮ ਆਰੰਭ
ਰੋਹਿਤ ਗੁਪਤਾ
ਕਾਹਨੂੰਵਾਨ (ਗੁਰਦਾਸਪੁਰ), 15 ਜੁਲਾਈ: ਪੇਂਡੂ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਸਟੇਟ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ (ਐੱਸ.ਆਈ.ਆਰ.ਡੀ.), ਪੰਜਾਬ ਵੱਲੋਂ ਸਰਪੰਚਾਂ, ਪੰਚਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਮਨਰੇਗਾ ਕਰਮਚਾਰੀਆਂ ਅਤੇ ਸਵੈ-ਸਹਾਇਤਾ ਸਮੂਹਾਂ (ਐੱਸ.ਐੱਚ.ਜੀ.) ਦੇ ਮੈਂਬਰਾਂ ਲਈ ਜਾਗਰੂਕਤਾ ਅਤੇ ਸਮਰੱਥਾ ਵਿਕਾਸ ਸੈਮੀਨਾਰਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ।
ਇਹ ਸਿਖਲਾਈ ਪ੍ਰੋਗਰਾਮ ਗੁਣਵੱਤਾ ਭਰਪੂਰ ਗ੍ਰਾਮ ਪੰਚਾਇਤ ਵਿਕਾਸ ਯੋਜਨਾ (GPDP) ਦੀ ਤਿਆਰੀ ਅਤੇ ਇਸ ਨੂੰ ਪੰਚਾਇਤ ਐਡਵਾਂਸਮੈਂਟ ਇੰਡੈਕਸ (PAI) ਨਾਲ ਜੋੜਨ 'ਤੇ ਕੇਂਦਰਿਤ ਹੈ, ਤਾਂ ਜੋ ਪੰਚਾਇਤੀ ਰਾਜ ਸੰਸਥਾਵਾਂ ਪਿੰਡਾਂ ਦੇ ਵਿਕਾਸ ਲਈ ਹੋਰ ਯੋਜਨਾਬੱਧ, ਭਾਗੀਦਾਰ ਅਤੇ ਨਤੀਜਾ-ਕੇਂਦਰਿਤ ਦ੍ਰਿਸ਼ਟੀਕੋਣ ਅਪਣਾ ਸਕਣ।
ਅੱਜ ਕਾਹਨੂੰਵਾਨ ਬਲਾਕ (ਹਲਕਾ ਕਾਦੀਆਂ) ਵਿਖੇ ਕਰਵਾਏ ਗਏ ਸੈਮੀਨਾਰ ਦੌਰਾਨ ਐੱਸ.ਆਈ.ਆਰ.ਡੀ. ਪੰਜਾਬ ਦੇ ਪ੍ਰਮਾਣਿਤ ਮਾਸਟਰ ਟ੍ਰੇਨਰ ਸ੍ਰੀ ਅਮਰਜੀਤ ਸਿੰਘ ਭਾਟੀਆ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਗੁਰਦਾਸਪੁਰ ਅਤੇ ਮੈਡਮ ਕਾਂਚਨ ਨੇ ਇੱਕ ਬੈਚ ਦੇ ਭਾਗੀਦਾਰਾਂ ਨੂੰ ਭਾਗੀਦਾਰੀ ਅਧਾਰਿਤ ਯੋਜਨਾਬੰਦੀ, ਟਿਕਾਊ ਪੇਂਡੂ ਵਿਕਾਸ ਅਤੇ ਕਾਰਗੁਜ਼ਾਰੀ-ਅਧਾਰਿਤ ਪ੍ਰਸ਼ਾਸਨ ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ।
ਸਿਖਲਾਈ ਦੌਰਾਨ ਟ੍ਰੇਨਰਾਂ ਨੇ ਦੱਸਿਆ ਕਿ ਪੰਚਾਇਤ ਐਡਵਾਂਸਮੈਂਟ ਇੰਡੈਕਸ ਦੇ ਅਨੁਕੂਲ ਤਿਆਰ ਕੀਤੀ ਗਈ ਗੁਣਵੱਤਾ ਭਰਪੂਰ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਪੰਚਾਇਤਾਂ ਨੂੰ ਸਥਾਨਕ ਲੋੜਾਂ ਦੀ ਪਛਾਣ ਕਰਨ, ਵਿਕਾਸ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਸਹਾਇਕ ਸਾਬਤ ਹੋਵੇਗੀ।
ਹੁਣ ਤੱਕ 206 ਭਾਗੀਦਾਰਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ, ਜਦਕਿ 31 ਜੁਲਾਈ ਤੱਕ ਕਰੀਬ 700 ਹੋਰ ਭਾਗੀਦਾਰਾਂ ਨੂੰ ਇਸ ਸਮਰੱਥਾ ਵਿਕਾਸ ਪ੍ਰੋਗਰਾਮ ਤਹਿਤ ਸਿਖਲਾਈ ਦਿੱਤੀ ਜਾਵੇਗੀ, ਜਿਸ ਨਾਲ ਬਲਾਕ ਪੱਧਰ 'ਤੇ ਪੰਚਾਇਤਾਂ ਦੀ ਸੰਸਥਾਗਤ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।
ਸਿਖਲਾਈ ਪ੍ਰੋਗਰਾਮ ਦੇ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਸ੍ਰੀ ਸੁਖਜੀਤ ਸਿੰਘ ਵੱਲੋਂ ਕੀਤੀ ਗਈ, ਜਦਕਿ ਸੁਪਰਡੈਂਟ ਸ੍ਰੀ ਵਿਜੈ ਕੁਮਾਰ ਵੀ ਇਸ ਮੌਕੇ ਹਾਜ਼ਰ ਰਹੇ ਅਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਕਰਵਾਏ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਵਕਤਾਵਾਂ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਪੰਚਾਇਤਾਂ ਨੂੰ ਉੱਚ ਗੁਣਵੱਤਾ ਵਾਲੀਆਂ ਵਿਕਾਸ ਯੋਜਨਾਵਾਂ ਤਿਆਰ ਕਰਨ, ਪੰਚਾਇਤ ਐਡਵਾਂਸਮੈਂਟ ਇੰਡੈਕਸ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਅਤੇ ਕੇਂਦਰੀ ਵਿੱਤ ਕਮਿਸ਼ਨ ਅਤੇ ਰਾਜ ਵਿੱਤ ਕਮਿਸ਼ਨ ਤੋਂ ਵੱਧ ਤੋਂ ਵੱਧ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਯੋਗ ਬਣਾਉਣਗੇ। ਇਹ ਪਹਿਲ ਪੇਂਡੂ ਖੇਤਰਾਂ ਦੇ ਸਰਵਪੱਖੀ, ਟਿਕਾਊ ਅਤੇ ਸਮਾਵੇਸ਼ੀ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਮੀਲ ਪੱਥਰ ਸਾਬਤ ਹੋਵੇਗੀ।
- Download Babushahi App
-
-