ਕਾਮਰੇਡ ਗੁਰਦਿਆਲ ਸਿੰਘ ਪਹਾੜਪੁਰ ਨਹੀਂ ਰਹੇ
ਪਟਿਆਲਾ, 3 ਜੁਲਾਈ 2025 - ਕਮਿਊਨਿਸਟ ਇਨਕਲਾਬੀ ਹਲਕਿਆਂ ਨਾਲ ਇਹ ਦੁੱਖ ਭਰੀ ਖਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਕਾਮਰੇਡ ਗੁਰਦਿਆਲ ਸਿੰਘ ਪਹਾੜਪੁਰ ਵਿਛੋੜਾ ਦੇ ਗਏ ਹਨ। ਬਿਮਾਰੀ ਕਾਰਨ ਅੱਜ ਸਵੇਰੇ ਉਹਨਾਂ ਦਾ ਦਿਹਾਂਤ ਹੋਣ ਮਗਰੋਂ ਬਠਿੰਡਾ ਵਿਖੇ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ , ਇਨਕਲਾਬੀ ਲਹਿਰ ਦੇ ਸਾਥੀਆਂ ਤੇ ਸਹਿਯੋਗੀਆਂ ਨੇ ਉਹਨਾਂ ਨੂੰ ਇਨਕਲਾਬੀ ਨਾਅਰਿਆਂ ਨਾਲ ਵਿਦਾਇਗੀ ਦਿੱਤੀ। ਉਹ ਪਿੰਡ ਪਹਾੜਪੁਰ (ਪਟਿਆਲਾ) 'ਚ ਜਨਮੇ ਸਨ ਤੇ ਲਗਭਗ 82 ਵਰ੍ਹਿਆਂ ਦੇ ਸਨ। ਇੱਕ ਜੁਝਾਰ ਕਮਿਊਨਿਸਟ ਇਨਕਲਾਬੀ ਵਜੋਂ ਲੋਕ ਇਨਕਲਾਬ ਨੂੰ ਸਮਰਪਿਤ ਇੱਕ ਸ਼ਾਨਾਮੱਤੀ ਜ਼ਿੰਦਗੀ ਦਾ ਸਫ਼ਰ ਅੱਜ ਥੰਮ੍ਹ ਗਿਆ।
ਕਾਮਰੇਡ ਗੁਰਦਿਆਲ ਪਹਾੜਪੁਰ ਕਮਿਊਨਿਸਟ ਇਨਕਲਾਬੀ ਜਥੇਬੰਦੀ ਸੀ ਪੀ ਆਰ ਸੀ ਆਈ (ਐਮ ਐਲ) ਦੇ ਕੇਂਦਰੀ ਪੱਧਰ ਦੇ ਆਗੂ ਸਨ। ਉਹ 60ਵਿਆਂ ਦੇ ਦਹਾਕੇ ਦੀ ਇਨਕਲਾਬੀ ਵਿਦਿਆਰਥੀ ਲਹਿਰ ਦੇ ਚੋਟੀ ਆਗੂਆਂ 'ਚ ਸ਼ੁਮਾਰ ਸਨ। ਨਕਸਲਵਾੜੀ ਬਗਾਵਤ ਦੇ ਝੰਜੋੜੇ ਨਾਲ ਹਲੂਣੇ ਗਏ ਹੋਰਨਾਂ ਕਈ ਨੌਜਵਾਨਾਂ ਵਾਂਗ ਉਹ ਵਿਦਿਆਰਥੀ ਜ਼ਿੰਦਗੀ ਤੋਂ ਹੀ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਸਮਰਪਿਤ ਹੋ ਗਏ ਸਨ ਅਤੇ ਉਮਰ ਭਰ ਪੇਸ਼ਾਵਰ ਇਨਕਲਾਬੀ ਵਜੋਂ ਉਹਨਾਂ ਨੇ ਆਪਣੀ ਜ਼ਿੰਦਗੀ ਲੋਕ ਇਨਕਲਾਬ ਦੇ ਮਿਸ਼ਨ ਦੇ ਲੇਖੇ ਲਾਈ। ਲੰਮੀ ਸਿਆਸੀ ਜ਼ਿੰਦਗੀ ਦੌਰਾਨ ਉਹਨਾਂ ਨੇ ਅੰਡਰਗਰਾਊਂਡ ਰਹਿੰਦਿਆਂ ਕੰਮ ਕੀਤਾ। ਲਗਭਗ 56-57 ਵਰ੍ਹੇ ਦੀ ਇਸ ਸਿਆਸੀ ਜ਼ਿੰਦਗੀ ਦੌਰਾਨ ਉਹਨਾਂ ਨੇ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ 'ਚ ਸੂਬਾਈ ਤੇ ਕੇਂਦਰੀ ਆਗੂ ਵਜੋਂ ਭੂਮਿਕਾ ਅਦਾ ਕੀਤੀ। ਪੰਜਾਬ ਦੇ ਵਿਦਿਆਰਥੀਆਂ ਦੀ ਹਰਮਨ ਪਿਆਰੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਵਜੋਂ ਉਹਨਾਂ ਨੇ ਜਥੇਬੰਦੀ ਨੂੰ ਮੁੜ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਸੀ ਅਤੇ ਉਹ ਜਨਤਕ ਜਥੇਬੰਦੀਆਂ ਨੂੰ ਤੋੜ ਦੇਣ ਦੇ ਖੱਬੂ ਮਾਅਰਕੇਬਾਜ਼ ਰੁਝਾਨ ਖ਼ਿਲਾਫ਼ ਪੈਰ ਗੱਡ ਕੇ ਖੜ੍ਹਨ ਵਾਲੇ ਆਗੂਆਂ 'ਚ ਸ਼ੁਮਾਰ ਸਨ। ਇਕ ਕਮਿਊਨਿਸਟ ਇਨਕਲਾਬੀ ਵਜੋਂ ਮਾਰਕਸਵਾਦ-ਲੈਨਿਨਵਾਦ ਤੇ ਮਾਓ ਵਿਚਾਰਧਾਰਾ ਅਤੇ ਭਾਰਤ ਦੇ ਨਵ ਜਮਹੂਰੀ ਇਨਕਲਾਬ ਅੰਦਰ ਉਹਨਾਂ ਦਾ ਅਡੋਲ ਭਰੋਸਾ ਅੰਤਮ ਸਾਹਾਂ ਤੱਕ ਕਾਇਮ ਰਿਹਾ।
ਅਦਾਰਾ ਸੁਰਖ ਲੀਹ ਉਹਨਾਂ ਵੱਲੋਂ ਲੋਕ ਇਨਕਲਾਬ ਲਈ ਘਾਲੀ ਗਈ ਘਾਲ਼ਣਾ ਨੂੰ ਲਾਲ ਸਲਾਮ ਕਹਿੰਦਾ ਹੋਇਆ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ। ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਆਉਂਦੇ ਦਿਨਾਂ ਅੰਦਰ ਜਨਤਕ ਸਮਾਗਮ ਹੋਣ ਜਾ ਰਿਹਾ ਹੈ ਜਿਸ ਦੀ ਸੂਚਨਾ ਜਲਦ ਹੀ ਸਾਂਝੀ ਕੀਤੀ ਜਾਵੇਗੀ।