← ਪਿਛੇ ਪਰਤੋ
ਕਮਲ ਕੌਰ ਭਾਬੀ ਹੱਤਿਆ ਕਾਂਡ ਦੇ ਮੁਲਜ਼ਮਾਂ ਨੂੰ ਬਠਿੰਡਾ ਅਦਾਲਤ ਨੇ ਜੇਲ੍ਹ ਭੇਜਿਆ
ਅਸ਼ੋਕ ਵਰਮਾ
ਬਠਿੰਡਾ, 18 ਜੂਨ2025: ਬਠਿੰਡਾ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਮਕਬੂਲ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਹੱਤਿਆ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਅਦਾਲਤ ਨੇ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ। ਮੁਲਜਮਾਂ ਨੂੰ ਅੱਜ ਦੂਸਰੀ ਵਾਰ ਹਾਸਲ ਕੀਤਾ ਤਿਨ ਦਿਨ ਦਾ ਰਿਮਾਂਡ ਖਤਮ ਹੋਣ ਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਹੈ। ਹਾਲਾਂਕਿ ਉਮੀਦ ਸੀ ਕਿ ਪੁਲਿਸ ਇੱਕ ਵਾਰ ਫਿਰ ਰਿਮਾਂਡ ਦੀ ਮੰਗ ਕਰ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ ਹੈ। ਇਸ ਕਤਲ ਮਾਮਲੇ ਦਾ ਮੁੱਖ ਸਾਜਿਸ਼ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋਂ ਵਾਰਦਾਤ ਤੋਂ ਫੌਰੀ ਬਾਅਦ ਯੂਏਈ ਭੱਜ ਗਿਆ ਸੀ ਜਿਸ ਨੂੰ ਵਾਪਿਸ ਲਿਆਉਣ ਲਈ ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ। ਅੱਜ ਜਦੋਂ ਮੁਲਜਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਤਾਂ ਇਸ ਮੌਕੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਿਤਾ ਅਤੇ ਕੁੱਝ ਸਮਰਥਕ ਵੀ ਹਾਜ਼ਰ ਸਨ। ਕਈ ਸਮਰਥਕਾਂ ਨੇ ਇਸ ਮੌਕੇ ਮੁਲਜਮਾਂ ਦੇ ਨਜ਼ਦੀਕ ਜਾਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕਿਸੇ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਪ੍ਰਭਾਵਿਕ ਕਮਲ ਕੌਰ ਭਾਬੀ ਜਿਸ ਦਾ ਅਸਲੀ ਨਾਮ ਕੰਚਨ ਕੁਮਾਰੀ ਹੈ ਦੀ ਲਾਸ਼ ਕਈ ਦਿਨ ਪਹਿਲਾਂ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖਲੋਤੀ ਕਾਰ ਚੋਂ ਬਰਾਮਦ ਹੋਈ ਸੀ। ਪੁਲਿਸ ਨੇ ਇਸ ਕਤਲ ਸਬੰਧੀ ਜਸਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮਹਿਰੋਂ ਜਿਲ੍ਹਾ ਮੋਗਾ ਅਤੇ ਨਿਮਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਹਰੀਕੇ ਪੱਤਣ ਜਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਪਪਪਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦਾ ‘ਕਤਲ’ ਅੰਮ੍ਰਿਤਪਾਲ ਸਿੰਘ ਮਹਿਰੋਂ ਸਮੇਤ ਤਿੰਨਾਂ ਵੱਲੋਂ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਕਤਲ ਦੀ ਜਿੰਮੇਵਾਰੀ ਲੈਂਦਿਆਂ ਸੋਸ਼ਲ ਮੀਡੀਆ ਤੇ ਇਤਰਾਜਯੋਗ ਰੀਲ੍ਹਾਂ ਤੇ ਲੱਚਰਤਾ ਭਰਪੂਰ ਮਸਾਲਾ ਪਾਉਣ ਵਾਲਿਆਂ ਨੂੰ ਚਿਤਵਾਨੀ ਦਿੱਤੀ ਸੀ।
Total Responses : 1417