ਆਪ ਸਰਪੰਚ ਦਾ ਕਤਲ ਕੇਸ ਹੱਲ, 7 ਗ੍ਰਿਫਤਾਰ: ਡੀ ਜੀ ਪੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 12 ਜਨਵਰੀ, 2026: ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਵਲਟੋਹਾ ਪਿੰਡ ਦੇ ਆਪ ਸਰਪੰਚ ਜਰਮਲ ਸਿੰਘ ਦਾ ਕਤਲ ਕੇਸ ਹੱਲ ਹੋ ਗਿਆ ਹੈ ਅਤੇ ਇਸ ਕੇਸ ਵਿਚ ਦੋ ਮੁੱਖ ਸ਼ੂਟਰਾਂ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ ਜੀ ਪੀ ਨੇ ਦੱਸਿਆ ਕਿ ਦੋਵੇਂ ਮੁੱਖ ਸ਼ੂਟਰ ਛਤੀਸਗੜ੍ਹ ਦੇ ਰਾਏਪੁਰ ਤੋਂ ਗ੍ਰਿਫਤਾਰ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਦੋ ਜਣੇ ਮੁਹਾਲੀ ਤੇ 3 ਹੋਰ ਤਰਨ ਤਾਰਨ ਤੋਂ ਗ੍ਰਿਫਤਾਰ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਮੁੱਖ ਸ਼ੂਟਰ ਕਤਲ ਮਗਰੋਂ ਚੰਡੀਗੜ੍ਹ, ਦਿੱਲੀ, ਬਿਹਾਰ, ਨਾਂਦੇੜ ਸਾਹਿਬ ਘੁੰਮਦੇ ਰਹੇ ਤੇ ਅਖੀਰ ਛਤੀਸਗੜ੍ਹ ਦੇ ਰਾਏਪੁਰ ਵਿਚ ਗ੍ਰਿਫਤਾਰ ਕੀਤੇ ਗਏ ਜਿਥੇ ਸਥਾਨਕ ਅਦਾਲਤ ਵਿਚ ਪੇਸ਼ ਕਰ ਕੇ ਉਹਨਾਂ ਦਾ 14 ਜਨਵਰੀ ਤੱਕ ਟਰਾਂਸਿਟ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਉਹਨਾਂ ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਹਨਾਂ ਦੀ ਗ੍ਰਿਫਤਾਰੀ ਵਿਚ ਪੰਜਾਬ ਪੁਲਿਸ ਦੇ ਨਾਲ ਕੇਂਦਰੀ ਏਜੰਸੀਆਂ ਤੇ ਛਤੀਸਗੜ੍ਹ ਪੁਲਿਸ ਦਾ ਵੀ ਸਹਿਯੋਗ ਰਿਹਾ।