ਆਈਡੀਐਫਸੀ ਫਸਟ ਬੈਂਕ ਘਪਲਾ: ਦੋ ਹੋਰ ਵੱਡੇ ਅਧਿਕਾਰੀ ਕਾਬੂ, ਚਾਰ ਦਿਨ ਦੇ ਰਿਮਾਂਡ 'ਤੇ ਭੇਜੇ ਗਏ ਮੁਲਜ਼ਮ
ਰਵੀ ਜੱਖੂ
ਚੰਡੀਗੜ੍ਹ: 15 ਮਾਰਚ, 2026
ਆਈਡੀਐਫਸੀ ਫਸਟ ਬੈਂਕ ਨਾਲ ਜੁੜੇ ਬਹੁ-ਕਰੋੜੀ ਘੁਟਾਲੇ ਦੀ ਜਾਂਚ ਵਿੱਚ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (SV&ACB) ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਜਾਂਚ ਟੀਮ ਨੇ ਇਸ ਮਾਮਲੇ ਵਿੱਚ ਦੋ ਹੋਰ ਅਹਿਮ ਮੁਲਜ਼ਮਾਂ ਨੂੰ 14 ਮਾਰਚ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਣਧੀਰ ਸਿੰਘ, ਜੋ ਕਿ ਹਰਿਆਣਾ ਸਕੂਲ ਸਿੱਖਿਆ ਪਰਿਯੋਜਨਾ ਪਰਿਸ਼ਦ ਵਿੱਚ ਕੰਟਰੋਲਰ ਫਾਇਨਾਂਸ ਐਂਡ ਅਕਾਊਂਟਸ ਦੇ ਅਹੁਦੇ 'ਤੇ ਤਾਇਨਾਤ ਸਨ, ਅਤੇ ਰਾਜੇਸ਼ ਸਾਂਗਵਾਨ, ਜੋ ਕਿ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ (HSAMB) ਵਿੱਚ ਕੰਟਰੋਲਰ ਫਾਇਨਾਂਸ ਐਂਡ ਅਕਾਊਂਟਸ ਵਜੋਂ ਤਾਇਨਾਤ ਸਨ, ਵਜੋਂ ਹੋਈ ਹੈ।
ਇਸ ਘੁਟਾਲੇ ਦੇ ਤਾਰ ਮੁੱਖ ਮੁਲਜ਼ਮਾਂ ਨਾਲ ਜੁੜੇ ਹੋਏ ਸਨ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਇਸ ਵੱਡੀ ਧੋਖਾਧੜੀ ਨੂੰ ਅੰਜਾਮ ਦੇਣ ਵਿੱਚ ਬਹੁਤ ਹੀ ਸਰਗਰਮ ਭੂਮਿਕਾ ਸੀ। ਇਸੇ ਮਾਮਲੇ ਵਿੱਚ ਰਾਜਨ ਕਟੋਦੀਆ ਨੂੰ ਇੱਕ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਰਾਜਨ ਕਟੋਦੀਆ ਸਮੇਤ ਚਾਰ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਮਲੇ ਦੀ ਡੂੰਘਾਈ ਨਾਲ ਪੁੱਛਗਿੱਛ ਕਰਨ ਅਤੇ ਘੁਟਾਲੇ ਦੇ ਹੋਰ ਪਹਿਲੂਆਂ ਨੂੰ ਉਜਾਗਰ ਕਰਨ ਲਈ ਤਿੰਨ ਮੁਲਜ਼ਮਾਂ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਥੇ ਹੀ, ਇਸ ਮਾਮਲੇ ਵਿੱਚ ਫੜੇ ਗਏ ਇੱਕ ਹੋਰ ਮੁਲਜ਼ਮ ਅੰਕੁਰ ਸ਼ਰਮਾ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ (ਜੁਡੀਸ਼ੀਅਲ ਕਸਟਡੀ) ਵਿੱਚ ਭੇਜ ਦਿੱਤਾ ਹੈ। ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
Click to Follow Babushahi Facebook page →