ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਡੀਐੱਸਜੀਐੱਮਸੀ ਉਠਾਵੇਗੀ :ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ, 28 ਜਨਵਰੀ, 2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਜਿਹੜੇ ਪਰਿਵਾਰ ਪੂਰੀ ਤਰ੍ਹਾਂ ਅੰਮ੍ਰਿਤਧਾਰੀ ਹੋਣਗੇ, ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਿੱਖੀ ਸਰੂਪ, ਗੁਰਮਤਿ ਮੂਲਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਵੱਡਾ ਉਪਰਾਲਾ ਹੈ।
ਹਰਮੀਤ ਸਿੰਘ ਕਾਲਕਾ ਨੇ ਅੱਗੇ ਦੱਸਿਆ ਕਿ ਖਾਲਸਾ ਸਾਜਨਾ ਦਿਵਸ ਦੇ ਸ਼ੁਭ ਮੌਕੇ ’ਤੇ 13 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਸਥਿਤ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਵਿਸ਼ਾਲ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾਵੇਗਾ। ਇਸ ਪਾਵਨ ਸਮਾਗਮ ਦੌਰਾਨ ਉਹਨਾਂ ਅੰਮ੍ਰਿਤਧਾਰੀ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਸਿੱਖੀ ਦੇ ਮਰਯਾਦਾ ਜੀਵਨ ਨੂੰ ਅਪਣਾਇਆ ਹੈ।
ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਖੰਡੇ-ਬਾਟੇ ਦੀ ਪਾਹੁਲ ਗ੍ਰਹਿਣ ਕਰਕੇ ਅੰਮ੍ਰਿਤਧਾਰੀ ਬਣਨ ਅਤੇ ਗੁਰੂ ਸਾਹਿਬਾਨ ਵੱਲੋਂ ਦਿਖਾਏ ਗਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਗੁਰਮਤਿ ਅਨੁਸਾਰ ਢਾਲਣ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਹਰ ਐਤਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਤੇ ਹਰ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਨਿਯਮਿਤ ਤੌਰ ’ਤੇ ਅੰਮ੍ਰਿਤ ਸੰਚਾਰ ਹੁੰਦਾ ਹੈ, ਜਿੱਥੇ ਸੰਗਤ ਸਹਿਜਤਾ ਨਾਲ ਅੰਮ੍ਰਿਤ ਗ੍ਰਹਿਣ ਕਰ ਸਕਦੀ ਹੈ।
ਹਰਮੀਤ ਸਿੰਘ ਕਾਲਕਾ ਨੇ ਵਿਸ਼ਵਾਸ ਜਤਾਇਆ ਕਿ ਡੀਐੱਸਜੀਐੱਮਸੀ ਦਾ ਇਹ ਉਪਰਾਲਾ ਸਿੱਖ ਕੌਮ ਵਿੱਚ ਨਵੀਂ ਚੇਤਨਾ, ਧਾਰਮਿਕ ਜਾਗਰੂਕਤਾ ਅਤੇ ਸਿੱਖੀ ਪ੍ਰਤੀ ਡੂੰਘੀ ਨਿਸ਼ਠਾ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣੇਗਾ।