ਅਮਰ ਨੂਰੀ ਧਮਕੀ ਮਾਮਲੇ 'ਚ ਵੱਡਾ ਖੁਲਾਸਾ: ਜਾਨੋਂ ਮਾਰਨ ਦੀ ਧਮਕੀ ਨਹੀਂ, ਸਾਈਬਰ ਠੱਗੀ ਦੀ ਨਿਕਲੀ ਕੋਸ਼ਿਸ਼
ਰਵਿੰਦਰ ਢਿੱਲੋਂ
ਖੰਨਾ , 24 ਦਸੰਬਰ 2025- ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੂੰ ਧਮਕੀ ਭਰੀ ਕਾਲ ਮਿਲਣ ਦੇ ਮਾਮਲੇ ਵਿੱਚ ਖੰਨਾ ਪੁਲਿਸ ਨੇ ਅਹਿਮ ਖੁਲਾਸਾ ਕੀਤਾ ਹੈ। ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕੋਈ ਅਸਲ ਜਾਨੀ ਖ਼ਤਰਾ ਨਹੀਂ ਸੀ, ਸਗੋਂ ਸਾਈਬਰ ਠੱਗੀ (Cyber Fraud) ਨਾਲ ਜੁੜਿਆ ਇੱਕ ਮਾਮਲਾ ਹੈ।
ਕਪੂਰਥਲਾ ਦੀ ਮਹਿਲਾ ਦੇ ਨੰਬਰ ਤੋਂ ਆਈ ਸੀ ਕਾਲ
ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਜਿਸ ਨੰਬਰ ਤੋਂ ਅਮਰ ਨੂਰੀ ਨੂੰ ਫ਼ੋਨ ਕੀਤਾ ਗਿਆ ਸੀ, ਉਹ ਕਪੂਰਥਲਾ ਦੀ ਰਹਿਣ ਵਾਲੀ ਇੱਕ ਮਹਿਲਾ ਦੇ ਨਾਂ 'ਤੇ ਰਜਿਸਟਰਡ ਹੈ। ਸਾਈਬਰ ਠੱਗਾਂ ਵੱਲੋਂ ਅਕਸਰ ਅਜਿਹੇ ਤਰੀਕਿਆਂ ਨਾਲ ਲੋਕਾਂ ਨੂੰ ਡਰਾ ਕੇ ਪੈਸੇ ਹੜੱਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਹਿਰਾਸਤ ਵਿੱਚ ਲਏ ਵਿਅਕਤੀ ਰਿਹਾਅ
ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸ਼ੁਰੂਆਤੀ ਜਾਂਚ ਵਿੱਚ ਤਿੰਨ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ (Roundup) ਵਿੱਚ ਲਿਆ ਸੀ। ਪੁਲਿਸ ਵੱਲੋਂ ਕੀਤੀ ਗਈ ਸਖ਼ਤ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਤਿੰਨਾਂ ਵਿਅਕਤੀਆਂ ਵਿਰੁੱਧ ਕੋਈ ਠੋਸ ਸਬੂਤ ਨਹੀਂ ਮਿਲਿਆ। ਸਬੂਤਾਂ ਦੀ ਘਾਟ ਕਾਰਨ ਪੁਲਿਸ ਨੇ ਤਿੰਨਾਂ ਨੂੰ ਛੱਡ ਦਿੱਤਾ ਹੈ।
ਸਾਈਬਰ ਠੱਗੀ ਦਾ ਨਵਾਂ ਤਰੀਕਾ
ਪੁਲਿਸ ਅਨੁਸਾਰ ਠੱਗ ਅਕਸਰ ਪੁਲਿਸ ਮੁਲਾਜ਼ਮ ਬਣ ਕੇ ਜਾਂ ਕਿਸੇ ਹੋਰ ਬਹਾਨੇ ਨਾਲ ਲੋਕਾਂ ਨੂੰ ਕਾਲ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਡਰਾਇਆ ਜਾ ਸਕੇ। ਅਮਰ ਨੂਰੀ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਕੁਝ ਸਾਹਮਣੇ ਆ ਰਿਹਾ ਹੈ। ਪੁਲਿਸ ਹੁਣ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਅਸਲ ਸਾਈਬਰ ਅਪਰਾਧੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।