'ਪਲਾਸਟਿਕ ਫ੍ਰੀ ਫਗਵਾੜਾ' ਮੁਹਿੰਮ ਸ਼ੁਰੂ
ਫਗਵਾੜਾ, 5 ਜੂਨ 2025- ਵਾਤਾਵਰਣ ਸੰਭਾਲ ਪ੍ਰਤੀ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ ਨਗਰ ਨਿਗਮ, ਫਗਵਾੜਾ ਦੇ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ 2025 ਮੌਕੇ ਫਗਵਾੜਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਸ਼ਹਿਰ ਵਿਆਪੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਵਿਸ਼ਵ ਵਾਤਾਵਰਣ ਦਿਵਸ 2025 ਦੇ ਥੀਮ ਪਲਾਸਟਿਕ ਪ੍ਰਦੂਸ਼ਣ ਨੂੰ ਹਰਾਉਣਾ ਜੋ ਕਿ ਵਾਤਾਵਰਣ ਪ੍ਰਤੀ ਵੱਧ ਰਹੇ ਖਤਰੇ ਨਾਲ ਨਜਿੱਠਣ ਦੀ ਲੋੜ ਨੂੰ ਉਜਾਗਰ ਕਰਦਾ ਹੈ, ਸਬੰਧੀ ਅੱਜ ਨਗਰ ਨਿਗਮ, ਫਗਵਾੜਾ ਵੱਲੋਂ ਫੈਸਲਾਕੁੰਨ ਕਦਮ ਉਠਾਇਆ ਗਿਆ।
ਡਾ. ਅਕਸ਼ਿਤਾ ਗੁਪਤਾ ਕਮਿਸ਼ਨਰ, ਨਗਰ ਨਿਗਮ, ਫਗਵਾੜਾ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਸਾਡੀਆਂ ਗਲੀਆਂ ਨੂੰ ਘੁੱਟ ਰਿਹਾ ਹੈ, ਨਾਲੀਆਂ ਨੂੰ ਬੰਦ ਕਰ ਰਿਹਾ ਹੈ, ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਜਾਨਵਰਾਂ ਅਤੇ ਪੰਛੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਪਲਾਸਟਿਕ ਰਹਿੰਦ-ਖੂੰਹਦ ਪ੍ਰਬੰਧਨ ਨਿਯਮ, 2016 (ਜਿਵੇਂ ਕਿ 2021 ਵਿੱਚ ਸੋਧਿਆ ਗਿਆ ਹੈ) ਅਤੇ ਪਲਾਸਟਿਕ ਦੀ ਵਰਤੋਂ ਬਾਰੇ ਪੰਜਾਬ ਸਰਕਾਰ ਦੇ ਅਪਡੇਟ ਕੀਤੇ ਨੋਟੀਫਿਕੇਸ਼ਨ ਅਨੁਸਾਰ, ਨਗਰ ਨਿਗਮ ਨੇ ਫਗਵਾੜਾ ਵਿੱਚ 120 ਮਾਈਕਰੋਨ ਤੋਂ ਘੱਟ ਮੋਟਾਈ ਵਾਲੇ ਪਲਾਸਟਿਕ ਕੈਰੀ ਬੈਗਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਉਦੇਸ਼ ਗੈਰ-ਜੈਵਿਕ ਵਿਘਨ ਪਾਉਣ ਵਾਲੇ ਕੂੜੇ ਨੂੰ ਘਟਾਉਣਾ ਅਤੇ ਟਿਕਾਊ ਵਿਕਲਪਾਂ ਨੂੰ ਉਤਸ਼ਾਹਿਤ ਕਰਨਾ ਹੈ।
ਸਰਕਾਰ ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਦੇ ਤਹਿਤ, ਸਾਰੇ ਪਲਾਸਟਿਕ ਕੈਰੀ ਬੈਗਾਂ ਵਿੱਚ ਬੈਗ ਦੀ ਮੋਟਾਈ ਸਪੱਸ਼ਟ ਤੌਰ 'ਤੇ ਪ੍ਰਦਸ਼ਿਤ ਕੀਤੀ ਹੋਣੀ ਚਾਹੀਦੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ, ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਸਾਬਤ ਕਰਨਾ ਨਿਰਮਾਤਾ, ਵਿਤਰਕ ਜਾਂ ਵਿਕਰੇਤਾ ਦੀ ਜਿੰਮੇਵਾਰੀ ਹੋਵੇਗੀ। ਇਸ ਤੋਂ ਇਲਾਵਾ ਸਾਰੇ ਵਪਾਰਕ ਅਤੇ ਜਨਤਕ ਅਦਾਰਿਆਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਪ੍ਰਮਾਣਿਤ ਬਾਇਓ—ਡੀਗਰੇਡੇਬਲ ਜਾਂ ਕੰਪੋਸਟੇਬਲ ਪੈਕੇਜਿੰਗ ਸਮੱਗਰੀ ਦੀ ਵਰਤੋਂ ਕਰਨੀ ਹੀ ਲਾਜ਼ਮੀ ਹੈ।
ਡਾ. ਗੁਪਤਾ ਨੇ ਕਿਹਾ ਕਿ ਸਿੰਗਲ-ਯੂਜ਼ ਪਲਾਸਟਿਕ ਵਸਤੂਆਂ ਦੀ ਵਰਤੋਂ, ਵਿਕਰੀ ਅਤੇ ਵੰਡ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਹ ਉਪਾਅ ਪਲਾਸਟਿਕ ਨਿਰਭਰਤਾ ਨੂੰ ਰੋਕਣ ਅਤੇ ਵਪਾਰਕ ਅਤੇ ਰਿਹਾਇਸ਼ੀ ਦੋਵਾਂ ਖੇਤਰਾਂ ਵਿੱਚ ਵਾਤਾਵਰਣ ਲਈ ਜਿੰਮੇਵਾਰ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਯੋਜਨਾ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸਮੂਹ ਵਪਾਰਕ ਅਤੇ ਜਨਤਕ ਅਦਾਰਿਆਂ ਨੂੰ ਸਿੰਗਲ—ਯੂਜ਼ ਪਲਾਸਟਿਕ ਵਸਤੂਆਂ ਦੀ ਵਰਤੋਂ ਬੰਦ ਕਰਨ ਲਈ 30 ਜੂਨ 2025 ਤੱਕ ਇੱਕ ਨੋਟਿਸ ਪੀਰੀਅਡ ਦਿੱਤਾ ਗਿਆ ਹੈ ਅਤੇ ਪ੍ਰਸ਼ਾਸ਼ਨ ਸਾਰੇ ਕਾਰੋਬਾਰਾਂ, ਵਿਕਰੇਤਾਵਾਂ ਤੋਂ ਉਮੀਦ ਕਰਦਾ ਹੈ ਕਿ ਉਹ ਨਿਰਧਾਰਿਤ ਮਿਤੀ ਤੱਕ ਪਾਬੰਦੀਸ਼ੁਦਾ ਵਸਤੂਆਂ ਦੇ ਆਪਣੇ ਮੌਜੂਦਾ ਸਟਾਕ ਨੂੰ ਸਵੈ—ਇੱਛਾ ਨਾਲ ਹਟਾਉਣਗੇ।
ਡਾ. ਗੁਪਤਾ ਨੇ ਕਿਹਾ ਕਿ 1 ਜੁਲਾਈ 2025 ਤੋਂ ਨਗਰ ਨਿਗਮ ਟੀਮਾਂ ਸਖ਼ਤੀ ਨਾਲ ਸਿੰਗਲ-ਯੂਜ਼ ਪਲਾਸਟਿਕ ਵਸਤੂਆਂ ਦੀ ਵਰਤੋਂ ਨਾ ਕਰਨ ਦੇ ਹੁਕਮਾਂ ਨੂੰ ਯਕੀਨੀ ਬਣਾਉਣ ਲਈ ਬਜ਼ਾਰਾਂ, ਦੁਕਾਨਾਂ, ਉਦਯੋਗਾਂ ਅਤੇ ਸੰਸਥਾਵਾਂ ਵਿੱਚ ਸਖ਼ਤ ਨਿਰੀਖਣ ਸ਼ੁਰੂ ਕਰਨਗੀਆਂ। ਸਮਾਂ ਸੀਮਾ ਤੋਂ ਬਾਅਦ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਮੌਜੂਦਾ ਵਾਤਾਵਰਣ ਕਾਨੂੰਨਾਂ ਅਨੁਸਾਰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਨਗਰ ਨਿਗਮ ਕਮਿਸ਼ਨਰ, ਡਾ. ਅਕਸ਼ਿਤਾ ਗੁਪਤਾ ਨੇ ਸਾਰੇ ਨਾਗਰਿਕਾਂ ਅਤੇ ਹਿੱਸੇਦਾਰਾਂ ਨੂੰ ਇਸ ਮਹੱਤਵਪੂਰਨ ਅੰਦੋਲਨ ਵਿੱਚ ਆਪਣਾ ਸਹਿਯੋਗ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿਸ਼ਵ ਵਾਤਾਵਰਣ ਦਿਵਸ 'ਤੇ, ਆਓ ਆਪਾਂ ਫਗਵਾੜਾ ਸ਼ਹਿਰ ਨੂੰ ਸਾਫ਼-ਸੁਥਰਾ, ਹਰਾ-ਭਰਾ ਅਤੇ ਸੱਚਮੁੱਚ ਪਲਾਸਟਿਕ ਮੁਕਤ ਬਣਾਉਣ ਲਈ ਇਕੱਠੇ ਹੋਈਏ ਅਤੇ ਸਾਫ਼-ਸੁਥਰੇ ਸ਼ਹਿਰੀ ਜੀਵਨ ਪ੍ਰਤੀ ਵਚਨਬੱਧਤਾ ਨੂੰ ਨਿਭਾਈਏ।