JNU ਪ੍ਰੋਫੈਸਰ ਅਤੇ ਕਾਂਗਰਸੀ ਸੰਸਦ ਮੈਂਬਰ ਵਿਰੁੱਧ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਪੰਜਾਬ ਭਾਜਪਾ ਮਹਿਲਾ ਮੋਰਚਾ ਵੱਲੋਂ ਚੰਡੀਗੜ੍ਹ 'ਚ ਜ਼ਬਰਦਸਤ ਪ੍ਰਦਰਸ਼ਨ
ਕਾਂਗਰਸੀ ਸੰਸਦ ਮੈਂਬਰ ਵੱਲੋਂ ਜਿਨਸੀ ਸ਼ੋਸ਼ਣ ਦਾ ਮਾਮਲਾ: ਜੈ ਇੰਦਰ ਕੌਰ ਦੀ ਅਗਵਾਈ ਹੇਠ ਮਹਿਲਾ ਮੋਰਚੇ ਦਾ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ
'ਜਿਨਸੀ ਸ਼ੋਸ਼ਣ ਕਰਨ ਵਾਲੇ ਨੂੰ ਬਚਾ ਰਹੀ ਹੈ ਕਾਂਗਰਸ': ਜੈ ਇੰਦਰ ਕੌਰ
ਚੰਡੀਗੜ੍ਹ, 11 ਅਕਤੂਬਰ 2026- ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਹੇਠ ਅੱਜ ਸੈਂਕੜੇ ਮਹਿਲਾ ਭਾਜਪਾ ਵਰਕਰਾਂ ਨੇ ਚੰਡੀਗੜ੍ਹ ਵਿਖੇ ਸੜਕਾਂ 'ਤੇ ਉੱਤਰ ਕੇ ਕਾਂਗਰਸ ਪਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਸਨ ਅਤੇ ਬੈਰੀਕੇਡ ਲਗਾ ਕੇ ਰਸਤੇ ਬੰਦ ਕੀਤੇ ਗਏ ਸਨ। ਪੁਲਿਸ ਵੱਲੋਂ ਰੋਕੇ ਜਾਣ ਕਾਰਨ ਮਹਿਲਾ ਮੋਰਚਾ ਦੀਆਂ ਕਾਰਕੁਨਾਂ ਕਾਂਗਰਸ ਦਫ਼ਤਰ ਤੱਕ ਤਾਂ ਨਹੀਂ ਪਹੁੰਚ ਸਕੀਆਂ, ਪਰ ਇਸ ਦੌਰਾਨ ਉਨ੍ਹਾਂ ਦੀ ਮਹਿਲਾ ਪੁਲਿਸ ਕਰਮਚਾਰੀਆਂ ਨਾਲ ਲੰਬੀ ਝੜਪ ਹੋਈ ਅਤੇ ਸੂਬਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਸਮੇਤ ਮਹਿਲਾਵਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ । ਪ੍ਰਦਰਸ਼ਨ ਦੌਰਾਨ ਔਰਤਾਂ ਨੇ ਨਾਅਰੇਬਾਜ਼ੀ ਕੀਤੀ ਅਤੇ "ਕਾਂਗਰਸ ਮੁਰਦਾਬਾਦ" ਦੇ ਜ਼ੋਰਦਾਰ ਨਾਅਰੇ ਲਾਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਨੇ ਖ਼ੁਲਾਸਾ ਕੀਤਾ ਕਿ ਜੇ.ਐਨ.ਯੂ. ਦੀਆਂ 11 ਵਿਦਿਆਰਥਣਾਂ ਨੇ ਪ੍ਰੋਫੈਸਰ ਅਤੇ ਕਾਂਗਰਸ ਸੰਸਦ ਮੈਂਬਰ ਅੰਗੋਮਚਾ ਬਿਮੋਲ ਅਕੋਈਜਮ 'ਤੇ ਜਿਨਸੀ ਸ਼ੋਸ਼ਣ ਅਤੇ ਮਾਨਸਿਕ ਤਸੀਹੇ ਦੇ ਗੰਭੀਰ ਦੋਸ਼ ਲਗਾਏ ਸਨ। ਯੂਨੀਵਰਸਿਟੀ ਦੀ ਅੰਦਰੂਨੀ ਕਮੇਟੀ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਦੋਸ਼ ਸੱਚ ਪਾਏ ਗਏ। ਇਸ ਤੋਂ ਬਾਅਦ ਜੇ.ਐਨ.ਯੂ. ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ 9 ਅਕਤੂਬਰ 2026 ਨੂੰ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਯੂਨੀਵਰਸਿਟੀ ਦੀ ਸੇਵਾ ਤੋਂ ਬਰਖਾਸਤ ਕਰ ਦਿੱਤਾ।
ਜੈ ਇੰਦਰ ਕੌਰ ਨੇ ਸਵਾਲ ਉਠਾਇਆ ਕਿ ਕਾਂਗਰਸ ਦੇ ਵੱਡੇ ਨੇਤਾ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਮਲਿਕਾਰਜੁਨ ਖੜਗੇ ਔਰਤਾਂ ਦੀ ਸੁਰੱਖਿਆ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰ ਵਿਰੁੱਧ ਲੱਗੇ ਇਨ੍ਹਾਂ ਗੰਭੀਰ ਦੋਸ਼ਾਂ 'ਤੇ ਪੂਰੀ ਤਰ੍ਹਾਂ ਚੁੱਪ ਕਿਉਂ ਹਨ? ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਇੱਕ "ਜਿਨਸੀ ਸ਼ੋਸ਼ਣ ਕਰਨ ਵਾਲੇ" ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਸੰਸਦ ਵਿੱਚ ਮੋਦੀ ਸਰਕਾਰ ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਲਈ ਨਾਰੀ ਸ਼ਕਤੀ ਵੰਦਨ ਅਧਿਨਿਯਮ ਬਿੱਲ ਲੈ ਕੇ ਆਈ ਸੀ, ਤਾਂ ਕਾਂਗਰਸ ਆਗੂਆਂ ਅਤੇ ਰਾਹੁਲ ਗਾਂਧੀ ਨੇ ਇਸ ਦਾ ਵਿਰੋਧ ਕੀਤਾ ਸੀ। ਕਾਂਗਰਸ ਨੇ ਹਮੇਸ਼ਾ ਔਰਤਾਂ ਨੂੰ ਪਿੱਛੇ ਰੱਖਿਆ ਹੈ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਨੂੰ ਮਜ਼ਬੂਤ ਕਰਦਿਆਂ ਬਰਾਬਰ ਦੇ ਹੱਕ ਪ੍ਰਦਾਨ ਕੀਤੇ ਹਨ।
ਇਸ ਮੌਕੇ ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਕਾਂਗਰਸ ਲੀਡਰਸ਼ਿਪ ਪਾਸੋਂ ਮੰਗ ਕੀਤੀ ਕਿ ਰਾਹੁਲ ਗਾਂਧੀ ਦੋਸ਼ੀ ਸੰਸਦ ਮੈਂਬਰ ਨੂੰ ਤੁਰੰਤ ਕਾਂਗਰਸ ਪਾਰਟੀ ਤੋਂ ਬਾਹਰ ਕਰਨ ਅਤੇ ਉਨ੍ਹਾਂ ਦਾ ਲੋਕ ਸਭਾ ਤੋਂ ਅਸਤੀਫ਼ਾ ਦਿਵਾਉਣ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਲੀਡਰਸ਼ਿਪ ਪੀੜਤ 11 ਵਿਦਿਆਰਥਣਾਂ ਤੋਂ ਜਨਤਕ ਤੌਰ 'ਤੇ ਮਾਫ਼ੀ ਮੰਗੇ ਅਤੇ ਦੋਸ਼ੀ ਸੰਸਦ ਮੈਂਬਰ ਵਿਰੁੱਧ ਤੁਰੰਤ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
- Download Babushahi App
-
-