BREAKING- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਮਿਲਿਆ ਨਵਾਂ VC
Ravi Jakhu
ਚੰਡੀਗੜ੍ਹ 9 ਨਵੰਬਰ 2026- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਨਵਾਂ ਵਾਈਸ ਚਾਂਸਲਰ ਮਿਲ ਗਿਆ ਹੈ। ਦੇਸ਼ ਦੇ ਉੱਘੇ ਵਿਗਿਆਨੀ ਅਤੇ ਪ੍ਰਸ਼ਾਸਕ ਪ੍ਰੋਫੈਸਰ (ਡਾ.) ਟੰਕੇਸ਼ਵਰ ਕੁਮਾਰ ਨੂੰ ਪੰਜਾਬ ਯੂਨੀਵਰਸਿਟੀ ਦਾ ਨਵਾਂ VC ਨਿਯੁਕਤ ਕੀਤਾ ਗਿਆ ਹੈ। ਉਹ ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲਾਂ ਦੇ ਕਾਰਜਕਾਲ ਲਈ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਨਿਯੁਕਤੀ ਨਾਲ ਪੰਜਾਬ ਯੂਨੀਵਰਸਿਟੀ ਨੂੰ ਇੱਕ ਤਜਰਬੇਕਾਰ ਅਤੇ ਉੱਚ ਪੱਧਰੀ ਵਿੱਦਿਅਕ ਪ੍ਰਸ਼ਾਸਕ ਦੀ ਅਗਵਾਈ ਮਿਲੀ ਹੈ।
ਭਾਰਤ ਦੇ ਉਪ-ਰਾਸ਼ਟਰਪਤੀ ਦੇ ਸਕੱਤਰੇਤ ਵੱਲੋਂ 9 ਨਵੰਬਰ 2026 ਨੂੰ ਜਾਰੀ ਕੀਤੇ ਗਏ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ, ਪੰਜਾਬ ਯੂਨੀਵਰਸਿਟੀ ਦੇ ਚਾਂਸਲਰ (ਭਾਰਤ ਦੇ ਉਪ-ਰਾਸ਼ਟਰਪਤੀ) ਨੇ ਪੰਜਾਬ ਯੂਨੀਵਰਸਿਟੀ ਐਕਟ-1947 ਦੀ ਧਾਰਾ 10 ਤਹਿਤ ਇਹ ਨਿਯੁਕਤੀ ਕੀਤੀ ਹੈ। ਡਾ. ਟੰਕੇਸ਼ਵਰ ਕੁਮਾਰ ਦਾ ਕਾਰਜਕਾਲ ਅਹੁਦਾ ਸੰਭਾਲਣ ਦੇ ਦਿਨ ਤੋਂ ਸ਼ੁਰੂ ਹੋ ਜਾਵੇਗਾ।
ਡਾ. ਟੰਕੇਸ਼ਵਰ ਕੁਮਾਰ ਇਸ ਤੋਂ ਪਹਿਲਾਂ ਕੇਂਦਰੀ ਯੂਨੀਵਰਸਿਟੀ ਹਰਿਆਣਾ (ਮਹਿੰਦਰਗੜ੍ਹ) ਦੇ ਉਪ-ਕੁਲਪਤੀ ਵਜੋਂ ਅਹੁਦਾ ਸੰਭਾਲ ਰਹੇ ਸਨ। ਉਹ ਅਧਿਆਪਨ, ਖੋਜ ਅਤੇ ਉੱਚ ਸਿੱਖਿਆ ਪ੍ਰਸ਼ਾਸਨ ਦਾ 30 ਸਾਲਾਂ ਤੋਂ ਵੱਧ ਦਾ ਲੰਬਾ ਅਤੇ ਪ੍ਰਭਾਵਸ਼ਾਲੀ ਤਜਰਬਾ ਰੱਖਦੇ ਹਨ। ਇਸ ਵਿੱਚੋਂ ਲਗਭਗ 15 ਸਾਲਾਂ ਦਾ ਸਮਾਂ ਉਨ੍ਹਾਂ ਨੇ ਵਿੱਦਿਅਕ ਪ੍ਰਬੰਧਨ ਅਤੇ ਉੱਚ ਪ੍ਰਸ਼ਾਸਕੀ ਅਹੁਦਿਆਂ 'ਤੇ ਬਿਤਾਇਆ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵੱਡੀਆਂ ਯੂਨੀਵਰਸਿਟੀਆਂ ਵਿੱਚ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ।