ਪ੍ਰਾਈਵੇਟ ਸਕੂਲ ਦੀ ਬੱਸ ਨੂੰ ਲੱਗੀ ਭਿਆਨਕ ਅੱਗ- ਖਿੜਕੀਆਂ ਦੇ ਸ਼ੀਸ਼ੇ ਤੋੜਕੇ ਬਚਾਈ ਬੱਚਿਆਂ ਦੀ ਜਾਨ
ਅਸ਼ੋਕ ਵਰਮਾ
ਬਠਿੰਡਾ , 22 ਅਗਸਤ 2026 : ਇੱਥੋਂ ਦੇ ਬੀਬੀਵਾਲਾ ਰੋਡ ’ਤੇ ਅੱਜ ਦੁਪਹਿਰ ਉਸ ਸਮੇਂ ਵੱਡਾ ਹਾਦਸਾ ਟਲ ਗਿਆ, ਜਦੋਂ ਸਕੂਲੀ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਇੱਕ ਨਾਮੀ ਪ੍ਰਾਈਵੇਟ ਸਕੂਲ ਦੀ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਬੱਸ ਵਿੱਚ ਲਗਭਗ 3 ਦਰਜਨ ਸਕੂਲੀ ਵਿਦਿਆਰਥੀ ਸਵਾਰ ਸਨ, ਜੋ ਮੁਸ਼ਕਲ ਨਾਲ ਬੱਸ ਦਾ ਪਿਛਲਾ ਸ਼ੀਸ਼ਾ ਅਤੇ ਖਿੜਕੀ ਤੋੜ ਕੇ ਬਾਹਰ ਨਿਕਲੇ ਅਤੇ ਆਪਣੀ ਜਾਨ ਬਚਾਈ। ਬੱਸ ਨੂੰ ਅੱਗ ਲੱਗਣ ਕਾਰਨ ਇਲਾਕੇ ’ਚ ਇੱਕ ਵਾਰ ਦਹਿਸ਼ਤ ਵਾਲਾ ਮਹੌਲ ਬਣ ਗਿਆ। ਅਗਨੀਕਾਂਡ ਸਬੰਧੀ ਜਾਣਕਾਰੀ ਮਿਲਦਿਆਂ ਮਾਪਿਆਂ ਨੇ ਘਟਨਾਂ ਸਥਾਨ ਵੱਲ ਵਹੀਰਾਂ ਘੱਤ ਦਿੱਤੀਆਂ ਆਪਣੇ ਬੱਚਿਆਂ ਦੇ ਸੁਰੱਖਿਅਤ ਹੋਣ ਸਬੰਧੀ ਪਤਾ ਲੱਗਣ ’ਤੇ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ। ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ’ਚ ਆਸ ਪਾਸ ਦੇ ਦੁਕਾਨਦਾਰਾਂ ਅਤੇ ਬੱਸ ਦੇ ਡਰਾਈਵਰ ਨੇ ਕਾਫੀ ਮੁਸਤੈਦੀ ਦਿਖਾਈ।
ਇਸ ਦੌਰਾਨ ਮੌਕੇ ’ਤੇ ਪੁੱਜੇ ਹੋਰ ਲੋਕਾਂ ਨੇ ਵੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕੀਤੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੀ ਮੌਕੇ ’ਤੇ ਪਹੁੰਚੇ, ਜਿੰਨ੍ਹਾਂ ਦੀ ਰਿਹਾਇਸ਼ ਤੋਂ ਕੁਝ ਹੀ ਦੂਰੀ ’ਤੇ ਇਹ ਘਟਨਾ ਵਾਪਰੀ ਸੀ। ਮੀਂਹ ਅਤੇ ਹਾਦਸੇ ਦੇ ਚਲਦਿਆਂ ਬੱਸ ਨੂੰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇੱਕ ਪੀੜਤ ਵਿਦਿਆਰਥੀ ਨੇ ਦੱਸਿਆ, “ਸਭ ਤੋਂ ਪਹਿਲਾਂ ਬੱਸ ਦੇ ਇੰਜਣ ’ਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਸੀ। ਅਸੀਂ ਸਾਰੇ ਡਰ ਕੇ ਬੱਸ ਦੇ ਪਿਛਲੇ ਹਿੱਸੇ ਵੱਲ ਭੱਜੇ ਅਤੇ ਦੇਖਦੇ ਹੀ ਦੇਖਦੇ ਪੂਰੀ ਬੱਸ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ।” ਸੂਤਰਾਂ ਅਨੁਸਾਰ ਬੱਸ ਵਿੱਚ ਅੱਗ ਬੁਝਾਊ ਯੰਤਰ ਮੌਜੂਦ ਸੀ, ਪਰ ਅੱਗ ’ਤੇ ਕਾਬੂ ਪਾਉਣ ਲਈ ਨੇੜੇ ਦੀਆਂ ਦੁਕਾਨਾਂ ਤੋਂ ਦੋ ਹੋਰ ਸਿਲੰਡਰ ਮੰਗਵਾਏ ਗਏ।
ਇਸ ਮੌਕੇ ਫਾਇਰ ਬ੍ਰਿਗੇਡ ਨੂੰ ਵੀ ਜਾਣਕਾਰੀ ਦਿੱਤੀ ਗਈ ਪਰ ਵਕਤ ਰਹਿੰਦਿਆਂ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਬੱਸ ਦੇ ਡਰਾਈਵਰ ਨੰਦ ਲਾਲ ਨੇ ਦੱਸਿਆ ਕਿ ਜਦੋਂ ਉਹ ਰੋਜਾਨਾਂ ਦੀ ਤਰਾਂ ਬੱਚਿਆਂ ਨੂੰ ਸਕੂਲ ਤੋਂ ਘਰੋ ਘਰੀ ਛੱਡ ਰਿਹਾ ਸੀ ਤਾਂ ਇਸ ਦੌਰਾਨ ਬੱਸ ਦੇ ਅਗਲੇ ਹਿੱਸੇ ਚੋਂ ਅਚਾਨਕ ਧੂੰਆਂ ਨਿਕਲਣ ਲੱਗ ਪਿਆ ਤਾਂ ਉਸ ਨੇ ਬੱਸ ਸੋੜਕ ਦੇ ਕਿਨਾਰੇ ’ਤੇ ਰੋਕੀ ਅਤੇ ਬਚਾਅ ਕਾਰਬਜ ਸ਼ੁਰੂ ਕੀਤੇ। ਉਨ੍ਹਾਂ ਦੱਸਿਆ ਕਿ ਲਾਗਲੇ ਦੁਕਾਨਦਾਰਾਂ ਦੀ ਸਹਾਇਤਾ ਨਾਲ ਸਮੂਹ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਸੀ ਕਿ ਜੇਕਰ ਡਰਾਈਵਰ ਚੌਕਸੀ ਨਾਂ ਵਰਤਦਾ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ। ਮੌਕੇ ’ਤੇ ਪੁੱਜੇ ਟਰੈਫਿਕ ਪੁਲਿਸ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।