Big Breaking- ਚੰਡੀਗੜ੍ਹ ਪੁਲਿਸ ਨੇ ਪਸ਼ੂਆਂ ਵਾਂਗ ਗੱਡੀ ’ਚ ਸੁੱਟੇ ਅਧਿਆਪਕ ਅਤੇ ਸੜਕ ’ਤੇ ਘੜੀਸੀਆਂ ਧੀਆਂ
ਅਸ਼ੋਕ ਵਰਮਾ
ਚੰਡੀਗੜ੍ਹ , 22 ਅਗਸਤ 2026 : ਅੱਜ ਚੰਡੀਗੜ੍ਹ ਪੁਲਿਸ ਨੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਸਰਕਾਰੀ ਰਿਹਾਇਸ਼ ਅੱਗੇ 180 ਈਟੀਟੀ ਅਧਿਆਪਕਾਂ ਦੇ ਮਾਮਲੇ ’ਚ ਧਾਂਦਲੀ ਕਰਨ ਵਾਲੇ ਕਲਰਕ ਖਿਲਾਫ ਕਾਰਵਾਈ ਦੀ ਮੰਗ ਲਈ ਨਾਅਰੇ ਮਾਰਨ ਦੀ ਸਜ਼ਾ ਪਸ਼ੂਆਂ ਵਾਂਗ ਪੁਲਿਸ ਦੀ ਗੱਡੀ ’ਚ ਸੁੱਟਕੇ ਦਿੱਤੀ ਅਤੇ ਥਾਣੇ ਬੰਦ ਕਰ ਦਿੱਤਾ। ਇਸ ਖਿੱਚ ਧੂਹ ਦੌਰਾਨ ਅਧਿਆਪਕ ਸੋਹਣ ਸਿੰਘ ਸਮੇਤ ਕਈ ਅਧਿਆਪਕਾਂ ਦੀਆਂ ਦਸਤਾਰਾਂ ਲੱਥ ਗਈਆਂ। ਪੁਲਿਸ ਜਬਰ ਦੇ ਦੰਦ ਅੱਜ ਐਨੇ ਤਿੱਖੇ ਸਨ ਕਿ ਚੱਕ ਥੱਲ ਦੌਰਾਨ ਸੋਹਣ ਸਿੰਘ ਦੀ ਲੋਅਰ ਉਤਰ ਗਈ ਅਤੇ ਉਹ ਅਲਫ ਨੰਗਾ ਹੁੰਦਾ ਮਸਾਂ ਬਚਿਆ। ਇਸ ਮੌਕੇ ਈਟੀਟੀ ਅਧਿਆਪਕਾਂ ਦੇ ਪ੍ਰਧਾਨ ਕਮਲ ਠਾਕੁਰ ਅਤੇ ਹੋਰ ਕਈ ਅਧਿਆਪਕਾਂ ਨੂੰ ਪੁਲਿਸ ਮੁਲਾਜਮਾਂ ਨੇ ਪੁਲਿਸ ਦੀ ਗੱਡੀ ’ਚ ਗੱਟਿਆਂ ਵਾਂਗ ਸੁੱਟਕੇ ਗੁੱਸਾ ਲਾਹਿਆ । ਮਹਿਲਾ ਪੁਲਿਸ ਨੇ ਵੀ ਘੱਟ ਨਹੀਂ ਗੁਜ਼ਾਰੀ ਅਤੇ ਔਰਤ ਅਧਿਆਪਕਾਂ ਨੂੰ ਸੜਕ ’ਤੇ ਘੜੀਸਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ।

ਹਾਲਾਂਕਿ ਇਸ ਦੌਰਾਨ ਪੰਜਾਬ ਦੀ ਮਹਿਲਾ ਸ਼ਕਤੀ ਵਿੱਚ ਰੋਸ ਹੀ ਏਨਾ ਸੀ ਕਿ ਉਨ੍ਹਾਂ ਨੂੰ ਕਾਬੂ ਕਰਨ ਦੇ ਚੱਕਰ ਵਿੱਚ ਸਿਟੀ ਬਿਊਟੀਫੁੱਲ ਦੀਆਂ ਲੇਡੀ ਪੁਲਿਸ ਮੁਲਾਜਮਾਂ ਦੇ ਛੱਕੇ ਛੁੱਟ ਗਏ । ਇਸ ਮੌਕੇ ਪੁਲਿਸ ਦੀ ਇੱਕ ਮਹਿਲਾ ਮੁਲਾਜਮ ਤਾਂ ਕੁੜੀਆਂ ਨੂੰ ਸੜਕ ਤੋਂ ਹਟਾਉਣ ਦੇ ਚੱਕਰ ਵਿੱਚ ਮੁੜ੍ਹਕਾ ਪੂੰਝਦੀ ਦਿਖਾਈ ਦਿੱਤੀ। ਚੰਡੀਗੜ੍ਹ ਪੁਲਿਸ ਦੇ ਅਫਸਰਾਂ ਵੱਲੋਂ ਵਾਰ ਵਾਰ ਹੱਲਾਸ਼ਰੀ ਦੇਣ ਦੇ ਬਾਵਜੂਦ ਅਧਿਆਪਕਾਂ ਨੂੰ ਘੜੀਸਣ ਮੌਕੇ ਮਹਿਲਾ ਪੁਲਿਸ ਨੂੰ ਕਰੜੀ ਮੁਸ਼ੱਕਤ ਕਰਨੀ ਪਈ । ਪੁਲਿਸ ਨੂੰ ਦੇਖਕੇ ਇੱਕ ਅਧਿਆਪਕਾ ਦਾ ਬੱਚਾ ਬੁਰੀ ਤਰਾਂ ਸਹਿਮ ਗਿਆ ਪਰ ਅਧਿਕਾਰੀਆਂ ਨੂੰ ਰਤਾ ਤਰਸ ਨਾਂ ਆਇਆ ਅਤੇ ਧੂਹ ਘੜੀਸ ਜਾਰੀ ਰੱਖੀ। ਇਹ ਅਧਿਆਪਕ ਅੱਜ ਆਪਣੀ ਮੰਗ ਨੂੰ ਲੈਕੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਅੱਗੇ ਰੋਸ ਜਤਾਉਣ ਲਈ ਚੰਡੀਗੜ੍ਹ ਪੁੱਜੇ ਸਨ ਤਾਂ ਜੋ ਉਨ੍ਹਾਂ ’ਤੇ ਆਪਣੀ ਮੰਗਾਂ ਪ੍ਰਵਾਨ ਕਰਨ ਲਈ ਦਬਾਅ ਬਣਾਇਆ ਜਾ ਸਕੇ।
ਅੱਜ ਸਵੇਰ ਵਕਤ ਹੀ ਵਿੱਤ ਮੰਤਰੀ ਦੀ ਕੋਠੀ ਅੱਗੇ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਜਿਸ ਨੂੰ ਦੇਖਦਿਆਂ ਪੁਲਿਸ ਦੇ ਹੋਸ਼ ਉੱਡ ਗਏ ਅਤੇ ਵੱਡੀ ਪੁਲਿਸ ਨਫਰੀ ਮੌਕੇ ਤੇ ਸੱਦ ਲਈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਪੁਲਿਸੀਆ ਅੰਦਾਜ਼ ’ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਧਿਆਪਕ ਉਸਦੀ ਗੱਲ ਅਣਸੁਣੀ ਕਰਕੇ ਨਾਅਰੇ ਮਾਰਦੇ ਰਹੇ। ਇਸ ਮੌਕੇ ਪੁਲਿਸ ਨਾਲ ਤਕਰਾਰ ਅਤੇ ਨਾਅਰਿਆਂ ਦੀ ਗੂੰਜ ਦੌਰਾਨ ਪੁਲਿਸ ਅਧਿਆਪਕਾਂ ਨੂੰ ਟੁੱਟਕੇ ਪੈ ਗਈ ਅਤੇ ਘੜੀਸਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਮਹਿਲਾ ਅਧਿਆਪਕ ਸੜਕ ’ਤੇ ਲੇਟ ਗਈਆਂ ਜੋ ਪੁਲਿਸ ਲਈ ਚੁਣੌਤੀ ਬਣਿਆ ਰਿਹਾ। ਅਧਿਆਪਕ ਆਗੂਆਂ ਮੁਤਾਬਕ ਵਿੱਤ ਮੰਤਰੀ ਕੌਮ ਦਾ ਨਿਰਮਾਤਾ ਅਖਵਾਉਂਦੇ ਅਧਿਆਪਕਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਲਾਰਿਆਂ ਵਿੱਚ ਰੱਖਕੇ ਸਰਕਾਰ ਉਨ੍ਹਾਂ ਨੂੰ ਸੜਕਾਂ ਤੇ ਰੁਲਣ ਲਈ ਮਜ਼ਬੂਰ ਕਰ ਰਹੀ ਹੈ।
ਅਧਿਆਪਕਾਂ ਨੇ ਬਾਹਾਂ ਉਲਾਰਦਿਆਂ ਮਿਹਣੇ ਮਾਰੇ ਕਿ ਉਨ੍ਹਾਂ ਦੀ ਸਾਰ ਲੈਣ ਦਾ ਕੀਤਾ ਵਾਅਦਾ ਰੱਦੀ ਦੀ ਟੋਕਰੀ ‘ਚ ਸੁੱਟਕੇ ਸਰਕਾਰ ਉਨ੍ਹਾਂ ਨਾਲ ਧਰੋਹ ਕਮਾ ਰਹੀ ਹੈ । ਇਸ ਮੌਕੇ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਨਸੀਹਤ ਦਿੱਤੀ ਕਿ ਪੰਜਾਬ ਸਰਕਾਰ ਕੇਂਦਰੀ ਸਕੇਲਾਂ ’ਚ ਨੂੜੇ 180 ਅਧਿਆਪਕਾਂ ਨੂੰ ਫਾਡੀ ਬਣਾਕੇ ਕੀਤੀ ਜਾ ਰਹੀ ਬੇਇਨਸਾਫੀ ਦੇ ਖਾਤਮੇ ਲਈ ਪਹਿਲਕਦਮੀ ਕਰੇ। ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਅਤੇ ਇੰਨ੍ਹਾਂ ਅਧਿਆਪਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਯਾਦ ਦਿਵਾਉਂਦਿਆਂ ਉਨ੍ਹਾਂ ਚਿਤਾਵਨੀ ਦਿੱਤੀ ਕਿ ਸੱਤਾ ’ਤੇ ਕਾਬਜ ਹੋਕੇ ਕੀਤੀ ਵਾਅਦਾਖਿਲਾਫੀ ਦੀ ਕੀਮਤ ਹਾਕਮ ਧਿਰ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਮੌਕੇ ਤਾਰਨੀ ਪਵੇਗੀ । ਉਨ੍ਹਾਂ ਇਸ ਮੌਕੇ 180 ਅਧਿਆਪਕਾਂ ਨਾਲ ਧਾਂਦਲੀ ਕਰਨ ਵਾਲੇ ਸਿੱਖਿਆ ਵਿਭਾਗ ਦੇ ਕਲਰਕ ਖਿਲਾਫ ਮੁਅੱਤਲ ਕਰਨ ਸਮੇਤ ਸਖਤ ਕਾਰਵਾਈ ਦੀ ਮੰਗ ਵੀ ਕੀਤੀ।

ਦੱਸਣਯੋਗ ਹੈ ਕਿ 2016 ਵਿੱਚ ਤੱਤਕਾਲੀ ਗਠਜੋੜ ਸਰਕਾਰ ਨੇ ਈਟੀਟੀ ਅਧਿਆਪਕਾਂ ਦੀ ਭਰਤੀ ਕੀਤੀ ਸੀ। ਅਧਿਆਪਕਾਂ ਮੁਤਾਬਕ ਇਸ ਭਰਤੀ ਚੋਂ 180 ਅਧਿਆਪਕਾਂ ਦੀਆਂ ਸੇਵਾਵਾਂ ਸਮਾਪਤ ਕਰਕੇ ਧੱਕੇ ਨਾਲ ਕੇਂਦਰੀ ਸਕੇਲ ਲਾਗੂ ਕਰ ਦਿੱਤੇ ਸਨ । ਉਸ ਮਗਰੋਂ ਅਧਿਆਪਕਾਂ ਨੇ ਪੰਜ ਸਾਲ ਕਾਂਗਰਸ ਸਰਕਾਰ ਨਾਲ ਲਗਾਤਾਰ ਲੜਾਈ ਲੜੀ ਅਤੇ ਹੁਣ ‘ਆਪ ਸਰਕਾਰ’ ਖਿਲਾਫ ਸੰਘਰਸ਼ ਕਰ ਰਹੇ ਹਨ। ਕਾਂਗਰਸ ਸਰਕਾਰ ਦੌਰਾਨ 27 ਨਵੰਬਰ 2021 ਨੂੰ ਖੁਫੀਆ ਏਜੰਸੀਆਂ ਦੇ ਅੱਖੀਂ ਘੱਟਾ ਪਾਕੇ ਇੱਕ ਅਧਿਆਪਕ ਵੀਵੀਆਈਪੀ ਸੁਰੱਖਿਆ ਵਾਲੇ ਖੇਤਰ ਵਿਚਲੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਸੰਨ੍ਹ ਲਾਉਣ ਪਿੱਛੋਂ ਐਮਐਲਏ ਹੋਸਟਲ ’ਚ ਸਥਿਤ ਮੋਬਾਈਲ ਟਾਵਰ ’ਤੇ ਪੈਟਰੋਲ ਦੀ ਬੋਤਲ ਸਮੇਤ ਚੜ੍ਹ ਗਿਆ ਸੀ। ਉਸ ਵਕਤ ਵਿਰੋਧੀ ਧਿਰ ਦੇ ਨੇਤਾ ਅਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਰਕਾਰ ਆਉਣ ’ਤੇ ਅਧਿਆਪਕਾਂ ਨਾਲ ਹੋਈ ਬੇਇਨਸਾਫੀ ਦੂਰ ਕਰਨ ਦਾ ਵਾਅਦਾ ਕੀਤਾ ਸੀ ਜੋ ਹੁਣ ਤੱਕ ਵਫਾ ਨਹੀਂ ਹੋਇਆ ਹੈ।
ਵਾਅਦਾ ਨਹੀਂ ਨਿਭਾਇਆ
ਅਧਿਆਪਕ ਆਖਦੇ ਹਨ ਕਿ ਇੱਕ ਪਾਸੇ ਸਰਕਾਰ ਸਰਕਾਰੀ ਸਕੂਲਾਂ ਨੂੰ ਪ੍ਰਫੁੱਲਤ ਕਰਨ ਦੇ ਦਮਗਜੇ ਮਾਰ ਰਹੀ ਹੈ ਜਦੋਂਕਿ ਦੂਸਰੀ ਤਰਫ ਅਧਿਆਪਕ ਸੜਕਾਂ ਤੇ ਰੁਲਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦਾ ਸਬਰ ਨਾ ਪਰਖੇ ਸਗੋਂ ਸਿਆਸੀ ਲਾਹੇ ਲਈ ਸਮਾਗਮਾਂ ਵਿੱਚ ਰੁੱਝੇ ਰਹਿਣ ਵਾਲੇ ਮੁੱਖ ਮੰਤਰੀ 180 ਅਧਿਆਪਕਾਂ ਨੂੰ ਦਰਸ਼ਨ ਦੇਣ ਤੇ ਉਨ੍ਹਾਂ ਦੀ ਪੰਜਾਬ ਦੇ ਸਕੇਲ ਲਾਗੂ ਕਰਨ ਵਾਲੀ ਜਾਇਜ਼ ਮੰਗ ਦਾ ਨਿਪਟਾਰਾ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗ ਪ੍ਰਵਾਨ ਹੋਣ ਤੱਕ ਵਿੱਤ ਮੰਤਰੀ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ।