CGC ਯੂਨੀਵਰਸਿਟੀ ਮੋਹਾਲੀ ਵਿਖੇ ਦੇਸ਼ ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ 80ਵਾਂ ਆਜ਼ਾਦੀ ਦਿਹਾੜਾ
ਬਾਬੂਸ਼ਾਹੀ ਬਿਊਰੋ
ਮੋਹਾਲੀ, 17 ਅਗਸਤ 2026
ਸੀਜੀਸੀ ਯੂਨੀਵਰਸਿਟੀ ਮੋਹਾਲੀ ਵਿਖੇ ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ ਬਹੁਤ ਹੀ ਧੂਮ-ਧਾਮ, ਦੇਸ਼ ਭਗਤੀ, ਮਾਣ ਅਤੇ ਰਾਸ਼ਟਰੀ ਜ਼ਿੰਮੇਵਾਰੀ ਦੀ ਡੂੰਘੀ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਪਰਿਵਾਰ ਨੇ ਇਕੱਠੇ ਹੋ ਕੇ ਦੇਸ਼ ਦੀ ਯਾਤਰਾ ਨੂੰ ਸਨਮਾਨਿਤ ਕੀਤਾ, ਇਸ ਦੀ ਸ਼ਾਨਦਾਰ ਤਰੱਕੀ ਦਾ ਜਸ਼ਨ ਮਨਾਇਆ ਅਤੇ ਇੱਕ ਮਜ਼ਬੂਤ ਤੇ ਤਰੱਕੀਪਸੰਦ ਭਾਰਤ ਬਣਾਉਣ ਵੱਲ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਇਆ।
ਸਮਾਗਮ ਵਿੱਚ ਮੇਜਰ ਜਨਰਲ ਅਜੇ ਸੂਦ (ਸੇਵਾਮੁਕਤ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦੀ ਮੌਜੂਦਗੀ ਨੇ ਇਸ ਮੌਕੇ ਨੂੰ ਹੋਰ ਵੀ ਖਾਸ ਅਤੇ ਪ੍ਰੇਰਣਾਦਾਇਕ ਬਣਾ ਦਿੱਤਾ। ਸਮਾਰੋਹ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਜਿਵੇਂ ਹੀ ਤਿਰੰਗਾ ਅਸਮਾਨ ਵਿੱਚ ਲਹਿਰਾਇਆ ਗਿਆ, ਹਰ ਕਿਸੇ ਦੇ ਦਿਲ ਵਿੱਚ ਮਾਣ ਦੀ ਭਾਵਨਾ ਜਾਗ ਉੱਠੀ ਅਤੇ ਸਾਰਿਆਂ ਨੂੰ ਉਨ੍ਹਾਂ ਕੁਰਬਾਨੀਆਂ ਦੀ ਯਾਦ ਆ ਗਈ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਈ। ਝੰਡਾ ਲਹਿਰਾਉਣ ਤੋਂ ਬਾਅਦ ਐਨ.ਸੀ.ਸੀ ਕੈਡਿਟਾਂ ਵੱਲੋਂ ਇੱਕ ਸ਼ਾਨਦਾਰ ਪਰੇਡ ਕੱਢੀ ਗਈ, ਜਿਨ੍ਹਾਂ ਨੇ ਅਨੁਸ਼ਾਸਨ ਅਤੇ ਪੱਕੇ ਇਰਾਦੇ ਨਾਲ ਮਾਰਚ ਕੀਤਾ। ਉਨ੍ਹਾਂ ਦੀ ਤਾਲਮੇਲ ਵਾਲੀ ਮੂਵਮੈਂਟ ਨੇ ਹਿੰਮਤ, ਅਨੁਸ਼ਾਸਨ ਅਤੇ ਸੇਵਾ ਦੀਆਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਦਰਸਾਇਆ ਜੋ ਕਿ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਦੀ ਅਧਾਰਸ਼ੀਲਾ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੇ ਮੈਨਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਦੇਸ਼ ਦੇ ਭਵਿੱਖ ਨੂੰ ਘੜਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਪਛਾਣਨ ਲਈ ਪ੍ਰੇਰਿਤ ਕੀਤਾ। ਯੂਨੀਵਰਸਿਟੀ ਦਏ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਗਿਆਨ ਪ੍ਰਾਪਤ ਕਰਨ, ਇਮਾਨਦਾਰੀ ਬਣਾਈ ਰੱਖਣ, ਨਵੀਨਤਾ ਦੀ ਭਾਵਨਾ ਪੈਦਾ ਕਰਨ ਅਤੇ 'ਵਿਕਸਤ ਭਾਰਤ' ਦੇ ਸੁਪਨੇ ਵਿੱਚ ਸਾਰਥਕ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ। ਉਨਾਂ ਅੱਗੇ ਕਿਹਾ ਕਿ ਇਹ ਸਮਾਗਮ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਆਜ਼ਾਦੀ ਸਿਰਫ਼ ਇੱਕ ਇਤਿਹਾਸਕ ਪ੍ਰਾਪਤੀ ਨਹੀਂ ਹੈ, ਸਗੋਂ ਇਹ ਇੱਕ ਨਿਰੰਤਰ ਜ਼ਿੰਮੇਵਾਰੀ ਹੈ ਜੋ ਹਰ ਨਾਗਰਿਕ, ਖਾਸ ਕਰਕੇ ਨੌਜਵਾਨਾਂ ਨੂੰ ਮੌਕਿਆਂ ਨੂੰ ਤਰੱਕੀ ਵਿੱਚ ਬਦਲਣ ਲਈ ਪ੍ਰੇਰਿਤ ਕਰਦੀ ਹੈ। ਸਮਾਗਮ ਦੀ ਸਮਾਪਤੀ ਦੇਸ਼ ਭਗਤੀ ਦੇ ਜੋਸ਼ ਨਾਲ ਹੋਈ, ਜਿਸ ਨਾਲ ਯੂਨੀਵਰਸਿਟੀ ਭਾਈਚਾਰੇ ਨੂੰ ਆਜ਼ਾਦੀ, ਏਕਤਾ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਲਈ ਨਵੀਂ ਪ੍ਰੇਰਣਾ ਮਿਲੀ।