ਛੁੱਟੀਆਂ ‘ਚ ਬਦਲਾਅ ਦੀ ਪਾਠਸ਼ਾਲਾ : ਡੀ.ਸੀ ਆਸ਼ਿਕਾ ਜੈਨ ਦੀ ਪਹਿਲਕਦਮੀ ਨਾਲ ਬੱਚੇ ਬਣਨਗੇ ਚੇਂਜਮੇਕਰ
- ਵਿਦਿਆਰਥੀਆਂ ਨੂੰ ਦਿੱਤਾ ਸਮਾਜਿਕ ਬਦਲਾਅ ਦਾ ਟਾਸਕ, ਚੰਗਾ ਕੰਮ ਕਰਨ ਵਾਲਿਆਂ ਨੂੰ ਮਿਲੇਗਾ ਜ਼ਿਲ੍ਹਾ ਪੱਧਰ ‘ਤੇ ਸਨਮਾਨ
- ਸਕੂਲ ਦੇ ਰਵਾਇਤੀ ਹੋਮਵਰਕ ਦੇ ਨਾਲ ਬੱਚਿਆਂ ਨੂੰ ਮਿਲੀ ਜ਼ਿੰਮੇਵਾਰੀ- ਸਵੱਛਤਾ, ਸਹਿਯੋਗ ਤੇ ਸੇਵਾ ਦੇ ਜ਼ਰੀਏ ਬਣਨਗੇ ਪ੍ਰੇਰਣਾ ਸਰੋਤ
ਹੁਸ਼ਿਆਰਪੁਰ, 5 ਜੂਨ 2025 - ਗਰਮੀਆਂ ਦੀਆਂ ਛੁੱਟੀਆਂ ਨੂੰ ਸਿਰਫ ਆਰਾਮ ਅਤੇ ਮੌਜ-ਮਸਤੀ ਤੱਕ ਸੀਮਤ ਨਾ ਰੱਖਦੇ ਹੋਏ, ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਕ ਪ੍ਰੇਰਣਾਦਾਇਕ ਅਤੇ ਸਮਾਜ ਲਈ ਪਹਿਲ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ, ਨਿੱਜੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੂੰ 'ਚੇਂਜਮੇਕਰ' ਬਣਨ ਦਾ ਸੱਦਾ ਦਿੱਤਾ ਹੈ। ਇਸ ਮੁਹਿੰਮ ਦੇ ਤਹਿਤ, ਰਵਾਇਤੀ ਛੁੱਟੀਆਂ ਦੇ ਘਰ ਦੇ ਕੰਮ ਤੋਂ ਇਲਾਵਾ, ਵਿਦਿਆਰਥੀਆਂ ਨੂੰ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਲਈ ਇਕ ਵਿਸ਼ੇਸ਼ ਕੰਮ ਵੀ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਛੁੱਟੀਆਂ ਦਾ ਇੰਤਜ਼ਾਮ ਹਰ ਬੱਚਾ ਬੇਸਬਰੀ ਨਾਲ ਕਰਦਾ ਹੈ, ਪਰ ਇਨ੍ਹਾਂ ਛੁੱਟੀਆਂ ਵਿਚ ਜੇਕਰ ਅਸੀਂ ਖ਼ੁਦ ਵਿਚ ਅਤੇ ਆਪਣੇ ਸਮਾਜ ਵਿਚ ਕੋਈ ਚੰਗਾ ਬਦਲਾਅ ਲਿਆ ਸਕੇ, ਤਾਂ ਉਸ ਦਾ ਪ੍ਰਭਾਵ ਜੀਵਨ ਭਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦਾ ਉਦੇਸ਼ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਹੈ, ਸਗੋਂ ਇਕ ਜ਼ਿੰਮੇਵਾਰ ਨਾਗਰਿਕ ਬਣਨਾ ਵੀ ਹੈ।
ਇਸ ਵਿਲੱਖਣ ਛੁੱਟੀਆਂ ਦੇ ਕੰਮ ਦੇ ਤਹਿਤ, ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਦੇ ਖੇਤਰ, ਮੁਹੱਲੇ, ਗਲੀ ਜਾਂ ਪਿੰਡ ਵਿਚ ਛੋਟੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਨ੍ਹਾਂ ਵਿਚ ਸਫ਼ਾਈ ਮੁਹਿੰਮ ਚਲਾਉਣਾ, ਦਿਵਿਆਂਗਜਨਾਂ ਦੀ ਮਦਦ ਕਰਨਾ, ਪਾਣੀ ਅਤੇ ਬਿਜਲੀ ਦੀ ਬੱਚਤ ਕਰਨਾ, ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨਾ, ਜਾਂ ਹੋਰ ਲੋਕ ਭਲਾਈ ਦੇ ਕੰਮ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੰਮਾਂ ਨੂੰ ਕਰਦੇ ਹੋਏ ਆਪਣੀ ਇਕ ਛੋਟੀ ਜਿਹੀ ਵੀਡੀਓ ਬਣਾਉਣ ਅਤੇ ਇਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਵਟਸਐਪ ਨੰਬਰ 73800-90643 ਜਾਂ ਫੇਸਬੁੱਕ ਪੇਜ ‘ਚੜ੍ਹਦਾ ਸੂਰਜ’ 'ਤੇ 30 ਜੂਨ ਤੱਕ ਭੇਜਣ। ਇਹ ਵੀਡੀਓ ਨਾ ਸਿਰਫ਼ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਪ੍ਰਦਰਸ਼ਨ ਕਰਨਗੇ ਬਲਕਿ ਦੂਜੇ ਬੱਚਿਆਂ ਲਈ ਵੀ ਪ੍ਰੇਰਨਾ ਦਾ ਕੰਮ ਕਰਨਗੇ।
ਇਸ ਨਵੀਨ ਪਹਿਲਕਦਮੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ, ਡਿਪਟੀ ਕਮਿਸ਼ਨਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਸ਼ਾਨਦਾਰ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਇਕ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਨਾ ਸਿਰਫ਼ ਬੱਚਿਆਂ ਦੀ ਸਖ਼ਤ ਮਿਹਨਤ ਦੀ ਕਦਰ ਕਰੇਗਾ ਸਗੋਂ ਉਨ੍ਹਾਂ ਨੂੰ ਭਵਿੱਖ ਵਿਚ ਸਮਾਜਿਕ ਤੌਰ 'ਤੇ ਸਰਗਰਮ ਰਹਿਣ ਲਈ ਵੀ ਪ੍ਰੇਰਿਤ ਕਰੇਗਾ।
ਆਸ਼ਿਕਾ ਜੈਨ ਨੇ ਕਿਹਾ ਕਿ ਇਹ ਪਹਿਲ ਵਿਦਿਆਰਥੀਆਂ ਨੂੰ ਕੇਵਲ ਸਿੱਖਿਆ ਤੱਕ ਸੀਮਤ ਰੱਖਣ ਦੀ ਬਜਾਏ ਸਮਾਜ ਸੇਵਾ ਵੱਲ ਪ੍ਰੇਰਿਤ ਕਰਨ ਦਾ ਇਕ ਯਤਨ ਹੈ। ਇਹ ਪ੍ਰੋਗਰਾਮ ਨਾ ਸਿਰਫ਼ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰੇਗਾ ਬਲਕਿ ਉਨ੍ਹਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਏਗਾ। ਇਸ ਤਰ੍ਹਾਂ, ਇਹ ਪਹਿਲ ਛੁੱਟੀਆਂ ਨੂੰ ਸਾਰਥਕ ਬਣਾਉਣ ਅਤੇ ਬੱਚਿਆਂ ਵਿਚ ਤਬਦੀਲੀ ਦੀ ਭਾਵਨਾ ਵਿਕਸਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ।