ਸੁਰਜੀਤ ਪਾਤਰ ਚੇਅਰ ਦੀ ਸਥਾਪਨਾ ਇਕ ਸਲਾਘਾਯੋਗ ਯਤਨ ਹੈ - ਪਦਮ ਸ਼੍ਰੀ ਓਂਕਾਰ ਸਿੰਘ ਪਾਹਵਾ
ਲੁਧਿਆਣਾ 9 ਮਈ, 2025 - ਅੱਜ ਇਥੇ ਡਾਕਟਰ ਸੁਰਜੀਤ ਪਾਤਰ ਚੇਅਰ ਵੱਲੋਂ ਸਪੋਟਲਾਈਟ ਦੇ ਸਹਿਯੋਗ ਨਾਲ ਇੱਕ ਸਿਮਰਤੀ ਸਮਾਰੋਹ ਕੀਤਾ ਗਿਆ। ਇਸ ਵਿੱਚ ਏਵਨ ਸਾਈਕਲ ਇੰਡਸਟਰੀ ਦੇ ਸੀਐਮਡੀ ਪਦਮਸ਼੍ਰੀ ਓਕਾਰ ਸਿੰਘ ਪਾਹਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੈਡਮ ਭੁਪਿੰਦਰ ਪਾਤਰ, ਥਾਮਸਨ ਰਿਵਰਜ਼ ਯੂਨੀਵਰਸਿਟੀ ਕੈਮਲੂਪ ਸ ਕੈਨੇਡਾ ਤੋਂ ਡਾਕਟਰ ਸੁਰਿੰਦਰ ਧੰਜਲ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜਫਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਆਗਾਜ਼ ਬੰਸਰੀ ਵਾਦਨ ਨਾਲ ਹੋਇਆ। ਪੀਏਯੂ ਦੇ ਵਿਦਿਆਰਥੀ ਹਰਮਨ ਅਤੇ ਪੋਇਟਰੀਜ਼ਮ ਦੇ ਕਾਰਕੁਨ ਸੁਖਮਨ ਨੇ ਸੁਰਜੀਤ ਪਾਤਰ ਦੀ ਜਿੰਦਗੀ ਉਹਨਾਂ ਦੀ ਕਵਿਤਾ ਅਤੇ ਜੀਵਨ ਸ਼ੈਲੀ ਬਾਰੇ ਨਾਟਕੀ ਅੰਦਾਜ਼ ਵਿੱਚ ਚਰਚਾ ਕੀਤੀ। ਸਰਦਾਰ ਉਂਕਾਰ ਸਿੰਘ ਪਾਹਵਾ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਸੁਰਜੀਤ ਪਾਤਰ ਦੀ ਪੰਜਾਬੀ ਜਗਤ ਨੂੰ ਵੱਡੀ ਦੇਣ ਹੈ ਅਤੇ ਪੀਏਯੂ ਨੇ ਉਹਨਾਂ ਦੇ ਮਾਣ ਵਿੱਚ ਚੇਅਰ ਸਥਾਪਿਤ ਕਰਕੇ ਸਲਾਘਾਯੋਗ ਕੰਮ ਕੀਤਾ ਹੈ ਇਸ ਲਈ ਉਹਨਾਂ ਨੇ ਵਾਈਸ ਚਾਂਸਲਰ ਡਾਕਟਰ ਸਤਿਬੀਰ ਸਿੰਘ ਗੋਸਲ ਨੂੰ ਵਧਾਈ ਵੀ ਦਿੱਤੀ। ਇਸ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਵਾਈਸ ਚਾਂਸਲਰ ਡਾਕਟਰ ਸਤਿਬੀਰ ਸਿੰਘ ਗੋਸਲ ਨੇ ਚੇਅਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੇ ਤਸੱਲੀ ਪ੍ਰਗਟਾਈ ਅਤੇ ਭਵਿੱਖ ਵਿੱਚ ਉਲੀਕੇ ਜਾ ਰਹੇ ਕੰਮਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੈਡਮ ਭੁਪਿੰਦਰ ਪਾਤਰ ਨੇ ਪਾਤਰ ਸਾਹਿਬ ਦੀ ਇੱਕ ਕਵਿਤਾ ਨਾਲ ਭਾਵਪੂਰਤ ਹਾਜ਼ਰੀ ਲਵਾਈ। ਡਾਕਟਰ ਸੁਰਿੰਦਰ ਧੰਜਲ ਨੇ ਪਾਸ਼ ਅਤੇ ਪਾਤਰ ਦੇ ਦ੍ਰਿਸ਼ਟੀਕੋਣਾਂ ਦੀ ਚਰਚਾ ਕਰਦਿਆਂ ਕਿਹਾ ਕਿ ਦੇਖਣ ਨੂੰ ਭਾਵੇਂ ਉਹਨਾਂ ਦੇ ਸ਼ਬਦ ਵੱਖਰੇ ਲੱਗਦੇ ਹਨ ਪਰ ਉਹਨਾਂ ਦਾ ਮਕਸਦ ਸੋਹਣੇ ਸਮਾਜ ਦੀ ਸਿਰਜਣਾ ਹੀ ਹੈ। ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਜ਼ਫਰ ਨੇ ਪਾਤਰ ਸਾਹਿਬ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਮੇਰੀ ਜਿੰਦਗੀ ਵਿੱਚ ਵੱਡੀ ਦੇਣ ਹੈ। ਪਾਤਰ ਸਾਹਿਬ ਕਦੇ ਵੀ ਇਹ ਨਹੀਂ ਸਨ ਚਾਹੁੰਦੇ ਕਿ ਕਿਸੇ ਦਾ ਹੂਬਹੂ ਅਸਰ ਕਬੂਲਿਆ ਜਾਵੇ। ਆਪਣੀ ਕਲਾ ਵਿੱਚ ਵੱਖਰੇ ਕਿਵੇਂ ਹੋਣਾ ਹੈ ਇਸ ਦੇ ਵੀ ਉਹ ਗੁਰ ਦੱਸਦੇ ਰਹਿੰਦੇ ਸਨ।
ਪ੍ਰੋਗਰਾਮ ਦੇ ਆਰੰਭ ਵਿੱਚ ਡਾਕਟਰ ਸੁਰਜੀਤ ਪਾਤਰ ਚੇਅਰ ਦੇ ਚੇਅਰ ਪਰਸਨ ਡਾਕਟਰ ਜਗਦੀਸ਼ ਕੌਰ ਨੇ ਸਭ ਨੂੰ ਜੀ ਆਇਆ ਕਿਹਾ ਅਤੇ ਇਸ ਚੇਅਰ ਦੇ ਉਲੀਕੇ ਜਾਣ ਵਾਲੇ ਕੰਮਾਂ ਤੇ ਰੋਸ਼ਨੀ ਪਾਈ। ਓਪਨ ਮਾਈਕ ਗਰੁੱਪ ਦੇ ਵਲੰਟੀਅਰਾਂ ਨੇ ਇਸ ਪ੍ਰੋਗਰਾਮ ਨੂੰ ਉਲੀਕਣ ਅਤੇ ਸਿਰੇ ਚੜਾਉਣ ਵਿੱਚ ਯੋਗਦਾਨ ਪਾਇਆ। ਡਾਕਟਰ ਰਣਜੀਤ ਕੌਰ ਨੇ ਬਹੁਤ ਕਾਵਮਈ ਅੰਦਾਜ਼ ਵਿੱਚ ਸੰਚਾਲਨ ਦੀ ਭੂਮਿਕਾ ਨਿਭਾਈ। ਅਖੀਰ ਵਿੱਚ ਡਾਕਟਰ ਸੁਰਜੀਤ ਪਾਤਰ ਦੀ ਕਵਿਤਾ 'ਜਗਾ ਦੇ ਮੋਮਬੱਤੀਆਂ'ਗਾ ਕੇ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ ਗਈ।
ਇਸ ਸਿਮਰਤੀ ਸਮਾਰੋਹ ਵਿੱਚ ਪਾਤਰ ਪਰਿਵਾਰ ਤੇ ਮੈਂਬਰ, ਨਾਰਵੇ ਤੋਂ ਕਮਲਜੀਤ ਦੁਸਾਂਝ ਨੱਤ, ਗੁਲਜ਼ਾਰ ਪੰਧੇਰ, ਰਵਿੰਦਰ ਕੌਰ ਧਾਲੀਵਾਲ, ਬਲਬੀਰ ਕੌਰ ਪੰਧੇਰ , ਕਮਲਦੀਪ ਕੌਰ, ਗੁਰਚਰਨ ਕੌਰ ਕੋਛੜ, ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਹੋਏ।