24x7 ਜਲ ਸਪਲਾਈ ਪ੍ਰਾਜੈਕਟ ਤਹਿਤ ਪੁੱਟੀ ਸੜਕ ਦੀ ਘਟੀਆ ਮੁਰੰਮਤ, ਹਾਦਸਿਆਂ ਦਾ ਖ਼ਤਰਾ ਵਧਿਆ: ਅਰਵਿੰਦ ਸ਼ਰਮਾ ਨੇ ਮੇਅਰ ਤੇ ਕਮਿਸ਼ਨਰ ਤੋਂ ਕੀਤੀ ਤੁਰੰਤ ਕਾਰਵਾਈ ਦੀ ਮੰਗ
ਸੁਖਮਿੰਦਰ ਭੰਗੂ
ਲੁਧਿਆਣਾ, 24 ਨਵੰਬਰ 2026
ਸ਼ਹਿਰ ਵਿੱਚ 24x7 ਜਲ ਸਪਲਾਈ ਪ੍ਰਾਜੈਕਟ ਤਹਿਤ ਪੁੱਟੀਆਂ ਗਈਆਂ ਸੜਕਾਂ ਦੀ ਮਾੜੀ ਬਹਾਲੀ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਨਿਊ ਕ੍ਰਿਸ਼ਨਾ ਮੰਦਰ ਤੋਂ ਰੇਲਵੇ ਅੰਡਰ ਬ੍ਰਿਜ (RUB) ਵੱਲ ਜਾਂਦੀ ਅਤੇ ਦੁੱਗਰੀ ਪੁਲ ਤੱਕ ਪਹੁੰਚਦੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਸੀਨੀਅਰ ਸਿਟੀਜ਼ਨ ਅਤੇ ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਨੇ ਨਗਰ ਨਿਗਮ ਦੇ ਮੇਅਰ, ਕਮਿਸ਼ਨਰ ਅਤੇ 24x7 ਜਲ ਸਪਲਾਈ ਪ੍ਰਾਜੈਕਟ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।
ਅਰਵਿੰਦ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਜਲ ਸਪਲਾਈ ਪ੍ਰਾਜੈਕਟ ਤਹਿਤ ਇਸ ਸੜਕ ਦੀ ਖੁਦਾਈ ਕਰਨ ਤੋਂ ਬਾਅਦ ਕੰਮ ਪੂਰਾ ਕਰਨ ਵਿੱਚ ਕਾਫ਼ੀ ਦੇਰੀ ਕੀਤੀ ਗਈ। ਇਲਾਕਾ ਨਿਵਾਸੀਆਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸੜਕ ਦੀ ਬਹਾਲੀ ਮਿਆਰੀ ਢੰਗ ਨਾਲ ਨਹੀਂ ਕੀਤੀ ਗਈ। ਉਨ੍ਹਾਂ ਅਨੁਸਾਰ ਸੜਕ ਦੀ ਮੁੜ ਉਸਾਰੀ ਦੌਰਾਨ ਲੋੜੀਂਦੀ ਜੀ.ਐੱਸ.ਬੀ. (GSB) ਸਮੱਗਰੀ ਨਹੀਂ ਵਿਛਾਈ ਗਈ ਅਤੇ ਨਾ ਹੀ ਨਿਯਮਾਂ ਅਨੁਸਾਰ ਢੁੱਕਵੀਂ ਕੰਪੈਕਸ਼ਨ ਕੀਤੀ ਗਈ ਜਾਪਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਲਾਪਰਵਾਹੀ ਕਾਰਨ ਸੜਕ ਦੇ ਕਈ ਹਿੱਸੇ ਧੱਸ ਗਏ ਹਨ ਅਤੇ ਥਾਂ-ਥਾਂ ਉੱਚੇ-ਨੀਵੇਂ ਟੋਏ ਤੇ ਖ਼ਤਰਨਾਕ ਉਭਾਰ ਬਣ ਗਏ ਹਨ। ਇਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਅਤੇ ਬਜ਼ੁਰਗਾਂ ਲਈ ਇਹ ਸੜਕ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ। ਸੜਕ ਦੀ ਅਸਮਾਨ ਸਤਹ ਕਾਰਨ ਵਾਹਨਾਂ ਦਾ ਸੰਤੁਲਨ ਵਿਗੜਨ ਅਤੇ ਲੋਕਾਂ ਦੇ ਡਿੱਗ ਕੇ ਜ਼ਖ਼ਮੀ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।
ਅਰਵਿੰਦ ਸ਼ਰਮਾ ਨੇ ਚਿੰਤਾ ਪ੍ਰਗਟਾਈ ਕਿ ਸਰਦੀਆਂ ਦੀਆਂ ਆਉਣ ਵਾਲੀਆਂ ਬਾਰਿਸ਼ਾਂ ਨਾਲ ਸੜਕ ਦੀ ਹਾਲਤ ਹੋਰ ਵੀ ਖ਼ਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਮੁਰੰਮਤ ਨਾ ਕੀਤੀ ਗਈ ਤਾਂ ਕੋਈ ਗੰਭੀਰ ਸੜਕ ਹਾਦਸਾ ਵਾਪਰ ਸਕਦਾ ਹੈ।
ਉਨ੍ਹਾਂ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਸਬੰਧਤ ਸੜਕ ਦਾ ਤੁਰੰਤ ਮੌਕਾ ਮੁਆਇਨਾ ਕਰਵਾਇਆ ਜਾਵੇ ਅਤੇ ਮਾਹਿਰਾਂ ਦੀ ਟੀਮ ਰਾਹੀਂ ਨਿਰਮਾਣ ਕਾਰਜ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ। ਘਟੀਆ ਢੰਗ ਨਾਲ ਬਹਾਲ ਕੀਤੇ ਗਏ ਹਿੱਸਿਆਂ ਨੂੰ ਮਿਆਰੀ ਸਮੱਗਰੀ ਅਤੇ ਨਿਯਮਾਂ ਅਨੁਸਾਰ ਕੰਪੈਕਸ਼ਨ ਨਾਲ ਦੁਬਾਰਾ ਤਿਆਰ ਕਰਵਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਘਟੀਆ ਕੰਮ ਲਈ ਜ਼ਿੰਮੇਵਾਰ ਠੇਕੇਦਾਰ ਅਤੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਬਣਦੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।
ਅਰਵਿੰਦ ਸ਼ਰਮਾ ਨੇ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਵਿਕਾਸ ਕਾਰਜਾਂ ਦੇ ਨਾਂ ’ਤੇ ਸੜਕਾਂ ਪੁੱਟਣ ਤੋਂ ਬਾਅਦ ਉਨ੍ਹਾਂ ਦੀ ਸਹੀ ਬਹਾਲੀ ਯਕੀਨੀ ਬਣਾਉਣਾ ਸਬੰਧਤ ਵਿਭਾਗਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਸੇ ਅਣਸੁਖਾਵੀਂ ਘਟਨਾ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਪ੍ਰੋਜੈਕਟ ਮੈਨੇਜਰ ਗੁਰਵਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਦੀ ਜਾਣਕਾਰੀ ਬਿਲਕੁਲ ਨਹੀਂ ਹੈ ਮੈਂ ਹੁਣੇ ਇਸ ਏਰੀਏ ਦੇ ਐਸਡੀਓ ਜੈਦੀਪ ਨਾਲ ਗੱਲ ਕਰਕੇ ਇਸ ਮਸਲੇ ਦਾ ਹੱਲ ਕਰਵਾਉਣਾ। ਹੁਣ ਦੇਖਦੇ ਹਾਂ ਕਿ ਇਹ ਮਸਲਾ ਕਿੰਨੇ ਦਿਨ ਵਿੱਚ ਹੱਲ ਹੁੰਦਾ ਹੈ। ਕਿਉਂਕਿ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਕੋਈ ਨਾ ਕੋਈ ਹਾਦਸਾ ਉੱਥੇ ਹੁੰਦਾ ਰਹਿੰਦਾ ਹੈ।।
- Download Babushahi App
-
-