ਬੇਅਦਬੀ ਵਿਰੋਧੀ ਐਕਟ! ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਹਿਰ ਕਮੇਟੀ ਮੀਟਿੰਗ ’ਚ ਮੁੜ ਗ਼ੈਰ-ਹਾਜ਼ਰ, ਸਰਕਾਰੀ ਤਾਲਮੇਲ ਕਮੇਟੀ ਵੱਲੋਂ ਹੁਣ 27 ਨਵੰਬਰ ਦਾ ਸੱਦਾ
ਸ੍ਰੀ ਅੰਮ੍ਰਿਤਸਰ ਸਾਹਿਬ 23 ਨਵੰਬਰ 2026: ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਨੂੰ ਲੈ ਕੇ ਪੈਦਾ ਹੋਏ ਇਤਰਾਜ਼ਾਂ ਨੂੰ ਆਪਸੀ ਸਹਿਮਤੀ ਨਾਲ ਸੁਲਝਾਉਣ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਤਾਲਮੇਲ ਕਮੇਟੀ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਵੇਲੇ ਮੁੜ ਝਟਕਾ ਲੱਗਾ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਮਾਹਿਰ ਕਮੇਟੀ ਦਾ ਕੋਈ ਵੀ ਨੁਮਾਇੰਦਾ ਬੈਠਕ ਵਿੱਚ ਸ਼ਾਮਲ ਹੋਣ ਲਈ ਨਹੀਂ ਪਹੁੰਚਿਆ। ਹਾਲਾਂਕਿ, ਤਾਲਮੇਲ ਕਮੇਟੀ ਨੇ ਸੰਵਾਦ ਦਾ ਰਾਹ ਖੁੱਲ੍ਹਾ ਰੱਖਦਿਆਂ ਹੁਣ 27 ਨਵੰਬਰ ਨੂੰ ਮੁੜ ਇਕੱਠੇ ਬੈਠ ਕੇ ਵਿਚਾਰ-ਵਟਾਂਦਰਾ ਕਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਉੱਪਰ ਉਠਾਏ ਗਏ ਵੱਖ-ਵੱਖ ਇਤਰਾਜ਼ਾਂ ਨੂੰ ਦੂਰ ਕਰਨ ਅਤੇ ਇਸ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ ਦੇ ਮੰਤਵ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਮਾਹਿਰ ਕਮੇਟੀ ਬਣਾਈ ਗਈ ਸੀ। ਦੂਜੇ ਪਾਸੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਰਾਜ਼ਾਂ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਮਾਹਿਰਾਂ ਦੇ ਸੁਝਾਵਾਂ ਅਨੁਸਾਰ ਅਗਲੇਰੀ ਕਾਰਵਾਈ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਵੀ ਸਿੱਖ ਧਾਰਮਿਕ ਸ਼ਖ਼ਸੀਅਤਾਂ, ਪੰਥਕ ਵਿਦਵਾਨਾਂ ਅਤੇ ਕਾਨੂੰਨੀ ਮਾਹਿਰਾਂ ’ਤੇ ਆਧਾਰਿਤ ਇੱਕ ਉੱਚ-ਪੱਧਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਦੋਵੇਂ ਧਿਰਾਂ ਆਹਮੋ-ਸਾਹਮਣੇ ਬੈਠ ਕੇ ਇਸ ਮਸਲੇ ਦਾ ਢੁੱਕਵਾਂ ਅਤੇ ਸਰਬਪ੍ਰਵਾਨਿਤ ਹੱਲ ਕੱਢ ਸਕਣ।
ਤਾਲਮੇਲ ਕਮੇਟੀ ਦੇ ਮੈਂਬਰਾਂ ਅਨੁਸਾਰ, ਇਸ ਤੋਂ ਪਹਿਲਾਂ ਬੀਤੀ 18 ਨਵੰਬਰ ਨੂੰ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਾਹਿਰ ਕਮੇਟੀ ਨਾਲ ਮੀਟਿੰਗ ਕਰਨ ਲਈ ਬਾਕਾਇਦਾ ਬੇਨਤੀ ਭੇਜੀ ਗਈ ਸੀ। ਇਸੇ ਲੜੀ ਤਹਿਤ ਅੱਜ 23 ਨਵੰਬਰ ਨੂੰ ਮੁੜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਬੈਠ ਕੇ ਸਲਾਹ-ਮਸ਼ਵਰਾ ਕਰਨ ਦਾ ਸੱਦਾ ਦਿੱਤਾ ਗਿਆ ਸੀ, ਪਰੰਤੂ ਅੱਜ ਵੀ ਮਾਹਿਰ ਕਮੇਟੀ ਵੱਲੋਂ ਕੋਈ ਨੁਮਾਇੰਦਾ ਬੈਠਕ ਵਿੱਚ ਹਾਜ਼ਰ ਨਹੀਂ ਹੋਇਆ।
ਮੀਟਿੰਗ ਨਾ ਹੋ ਸਕਣ ਮਗਰੋਂ ਤਾਲਮੇਲ ਕਮੇਟੀ ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਸਮੁੱਚਾ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ ਅਤੇ ਸਿੱਧੇ ਤੌਰ ’ਤੇ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਅਜਿਹੇ ਨਾਜ਼ੁਕ ਮੁੱਦੇ ਨੂੰ ਕਿਸੇ ਵੀ ਕਿਸਮ ਦੀ ਬਿਆਨਬਾਜ਼ੀ ਦੀ ਬਜਾਏ ਆਪਸੀ ਸੂਝ-ਬੂਝ, ਸਾਰਥਕ ਸੰਵਾਦ ਅਤੇ ਸਹਿਮਤੀ ਨਾਲ ਸੁਲਝਾਇਆ ਜਾਣਾ ਸਮੇਂ ਦੀ ਮੁੱਖ ਲੋੜ ਹੈ। ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਯੁਕਤ ਮਾਹਿਰ ਕਮੇਟੀ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਆਪਣੇ ਸੁਝਾਅ ਸਾਂਝੇ ਕਰਨ ਅਤੇ ਇਤਰਾਜ਼ਾਂ ਦੇ ਨਿਪਟਾਰੇ ਲਈ ਗੱਲਬਾਤ ਦੀ ਮੇਜ਼ ’ਤੇ ਜ਼ਰੂਰ ਅੱਗੇ ਆਵੇ, ਤਾਂ ਜੋ ਸੋਧ ਐਕਟ ਵਿੱਚ ਲੋੜੀਂਦੀਆਂ ਸੋਧਾਂ ਨੂੰ ਆਪਸੀ ਸਹਿਮਤੀ ਨਾਲ ਅੰਤਿਮ ਰੂਪ ਦਿੱਤਾ ਜਾ ਸਕੇ।
ਤਾਲਮੇਲ ਕਮੇਟੀ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦਾ ਉਦੇਸ਼ ਕਿਸੇ ਵੀ ਤਰ੍ਹਾਂ ਦਾ ਟਕਰਾਅ ਪੈਦਾ ਕਰਨਾ ਹਰਗਿਜ਼ ਨਹੀਂ ਹੈ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਅਤੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਸਰਬਉੱਚ ਰੱਖਦਿਆਂ ਇਸ ਮਸਲੇ ਦਾ ਸੁਖਾਵਾਂ ਅਤੇ ਪੱਕਾ ਹੱਲ ਕੱਢਣਾ ਹੈ। ਇਸੇ ਸਕਾਰਾਤਮਕ ਸੋਚ ਤਹਿਤ ਤਾਲਮੇਲ ਕਮੇਟੀ ਨੇ ਹੁਣ ਆਉਂਦੀ 27 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਹਿਰ ਕਮੇਟੀ ਨੂੰ ਮੁੜ ਮੀਟਿੰਗ ਕਰਨ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਤਾਲਮੇਲ ਕਮੇਟੀ ਨੇ ਇਹ ਖੁੱਲ੍ਹ ਵੀ ਦਿੱਤੀ ਹੈ ਕਿ ਜੇਕਰ ਮਾਹਿਰ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਚਾਹੁਣ ਤਾਂ ਉਹ ਆਪਣੀ ਸਹੂਲਤ ਮੁਤਾਬਕ ਜਿੰਨੀ ਛੇਤੀ ਸੰਭਵ ਹੋ ਸਕੇ, ਬੈਠਕ ਦਾ ਸਮਾਂ ਅਤੇ ਸਥਾਨ ਖ਼ੁਦ ਨਿਰਧਾਰਤ ਕਰਕੇ ਦੱਸ ਸਕਦੇ ਹਨ। ਤਾਲਮੇਲ ਕਮੇਟੀ ਉਨ੍ਹਾਂ ਵੱਲੋਂ ਤੈਅ ਕੀਤੇ ਗਏ ਸਮੇਂ ਅਤੇ ਸਥਾਨ ’ਤੇ ਪਹੁੰਚ ਕੇ ਵਿਚਾਰ-ਵਟਾਂਦਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਤਿਆਰ ਹੈ।
- Download Babushahi App
-
-