BKU -ਉਗਰਾਹਾਂ ’ਚ ਵੱਡੀ ਬਗਾਵਤ: ਚੋਟੀ ਦੇ ਆਗੂਆਂ ਸਣੇ 28 ਪਿੰਡ ਇਕਾਈਆਂ ਵੱਲੋਂ ਅਸਤੀਫੇ
ਅਸ਼ੋਕ ਵਰਮਾ
ਬਠਿੰਡਾ , 23 ਨਵੰਬਰ 2026 : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਬਠਿੰਡਾ ’ਚ ਵੱਡੀ ਬਗਾਵਤ ਸਾਹਮਣੇ ਆਈ ਹੈ ਜਦੋਂ 28 ਪਿੰਡਾਂ ਦੀਆਂ ਇਕਾਈਆਂ ਨੇ ਜਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਹੇਠ ਪਿੰਡ ਮਾਈਸਰਖਾਨਾ ਦੇ ਗੁਰਦੁਆਰੇ ਸਾਹਿਬ ਵਿਖੇ ਮੀਟਿੰਗ ਕਰਕੇ ਜੱਥੇਬੰਦੀ ਤੋਂ ਅਸਤੀਫੇ ਦੇ ਦਿੱਤੇ ਹਨ। ਇੰਨ੍ਹਾਂ ’ਚ ਮੁੱਖ ਤੌਰ ’ਤੇ ਜੱਥੇਬੰਦੀ ਆਗੂ ਮੋਠੂ ਸਿੰਘ ਕੋਟੜਾ ,ਪਰਮਜੀਤ ਕੌਰ ਪਿੱਥੋ ਅਤੇ ਗੁਰਪਾਲ ਸਿੰਘ ਦਿਉਣ ਸ਼ਾਮਲ ਹਨ। ਬਾਗਆਂ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੇ ਵਤੀਰੇ ’ਤੇ ਉੱਗਲ ਚੁੱਕੀ ਗਈ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਬਠਿੰਡਾ ਜ਼ਿਲ੍ਹੇ ਵਿੱਚ ਬਲਾਕਾਂ ਅਤੇ ਜ਼ਿਲੇ ਦੀ ਚੋਣਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੰਵਿਧਾਨ ਅਨੁਸਾਰ ਨਹੀਂ ਕਰਵਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਸ ਮੌਕੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਝੰਡੇ ਸਿੰਘ ਜੇਠੂਕੇ ਵੱਲੋਂ ਜ਼ਿਲ੍ਹਾ ਤੇ ਬਲਾਕਾਂ ਦੇ ਕੱੁਝ ਆਗੂਆਂ, ਵਰਕਰਾਂ ਅਤੇ ਔਰਤ ਆਗੂਆਂ ’ਤੇ ਬੇਬਿਆਨਦ ਝੂਠੇ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਆਗੂਆਂ ਨੂੰ ਝੂਠੇ ਦੋਸ਼ ਲਾਕੇ ਪਿੱਛੇ ਕੀਤਾ ਗਿਆ ਸੀ। ਪ੍ਰੈਸ ਬਿਆਨ ਅਨੁਸਾਰ ਇਸ ਮੀਟਿੰਗ ਵਿੱਚ ਹਾਜ਼ਰ 28 ਪਿੰਡਾਂ ਦੀਆਂ ਕਮੇਟੀਆਂ ਤੇ ਜ਼ਿਲ੍ਹਾ ਬਲਾਕਾਂ ਦੇ ਆਗੂਆਂ ਤੇ ਵਰਕਰਾਂ ਨੇ ਸਹਿਮਤੀ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਅਸਤੀਫ਼ੇ ਦਿੱਤੇ ਗਏ । ਮੀਟਿੰਗ ਵਿੱਚ ਇਹ ਅਹਿਮ ਫੈਸਲਾ ਕੀਤਾ ਗਿਆ ਕਿ ਕਿਸਾਨਾਂ ਮਜ਼ਦੂਰਾਂ ਦੇ ਘੋਲਾਂ ਨੂੰ ਪਹਿਲਾਂ ਦੀ ਤਰ੍ਹਾਂ ਜ਼ੋਰ ਨਾਲ ਲੜਿਆ ਜਾਏਗਾ ਅਤੇ ਸਾਰੇ ਹੀ ਨਿਰਾਸ਼ ਹੋਏ ਆਗੂਆਂ ਤੇ ਵਰਕਰਾਂ ਨੂੰ ਨਾਲ ਲੈਕੇ ਆਉਣ ਵਾਲੇ ਦਿਨਾਂ ਦੌਰਾਨ ਸਰਕਾਰਾਂ ਵਿਰੋਧੀ ਤਿੱਖੇ ਸੰਘਰਸ਼ ਕੀਤੇ ਜਾਣਗੇ।
ਅੱਜ ਦੇ ਇਕੱਠ ਵਿੱਚ ਮੋਠੂ ਸਿੰਘ ਕੋਟੜਾ, ਰਾਜਵਿੰਦਰ ਸਿੰਘ ਰਾਮਨਗਰ, ਗੁਰਪਾਲ ਸਿੰਘ ਦਿਉਨ, ਨਿੱਕਾ ਸਿੰਘ ਜੇਠੂਕੇ, ਪਰਮਜੀਤ ਕੌਰ ਪਿੱਧੋ, ਅੰਮ੍ਰਿਤ ਸਿੰਘ ਮੌੜ ਚੜ੍ਹਤ, ਬੂਟਾ ਸਿੰਘ ਭੈਣੀ,ਅਮਨਦੀਪ ਸਿੰਘ ਮੌੜ ਕਲਾਂ, ਜਸਪਾਲ ਸਿੰਘ ਮੌੜ ਖੁਰਦ, ਗੁਰਭਗਤ ਸਿੰਘ, ਭੋਲਾ ਸਿੰਘ ਮਾੜੀ, ਭੋਲਾ ਸਿੰਘ ਰਾਏ ਖਾਨਾ, ਗੇਂਦਾ ਸਿੰਘ ਚਨਾਰਥਲ, ਸੁੱਖਾ ਸਿੰਘ ਭਾਈ ਬਖਤੌਰ , ਭੋਲਾ ਸਿੰਘ ਘੁੰਮਣ, ਗੁਰਮੇਲ ਸਿੰਘ ਭੂੰਦੜ ਅਤੇ ਗੁਰਜੀਤ ਸਿੰਘ ਬੰਗੇਹਰ ਅਤੇ ਸਮੂਹ ਪਿੰਡ ਕਮੇਟੀਆਂ ਅਤੇ ਵਰਕਰ ਹਾਜ਼ਰ ਸਨ।
ਓਧਰ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਇੰਨ੍ਹਾਂ ਆਗੂਆਂ ਨੂੰ ਕੋਈ ਦਿੱਕਤ ਸੀ ਤਾਂ ਆਪਣੀ ਗੱਲ ਜਨਤਕ ਤੌਰ ’ਤੇ ਕਰਨ ਦੀ ਥਾਂ ਜੱਥੇਬੰੰਦੀ ਦੇ ਪਲੇਟਫਾਰਮ ’ਤੇ ਰੱਖਣੀ ਚਾਹੀਦ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਸਨ ਜਿੰਨ੍ਹਾਂ ’ਚ ਜਿਲ੍ਹੇ ਦਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਸ਼ਾਮਲ ਹੁੰਦਾ ਸੀ ਪਰ ਉਨ੍ਹਾਂ ਕੋਈ ਗੱਲ ਨਹੀਂ ਰੱਖੀ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਖੁੱਲ੍ਹਆਮ ਗੱਲਾਂ ਕਰਨ ਨਾਲ ਕਿਸਾਨੀ ਘੋਲ ਨੂੰ ਢਾਹ ਲੱਗਦੀ ਹੈ ਜਦੋਂਕਿ ਇਸ ਵੇਲੇ ਸਭ ਤੋਂ ਵੱਡੀ ਜਰੂਰਤ ਇਕੱਠੇ ਹੋਣ ਦੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਸਲਾ ਜੱਥੇਬੰਦੀ ਅੱਗੇ ਰੱਖਣਗੇ ਅਤੇ ਜੇਕਰ ਉਨ੍ਹਾਂ ਦਾ ਕੋਈ ਕਸੂਰ ਹੋਇਆ ਤਾਂ ਸੂਬਾ ਲੀਡਰਸ਼ਿਪ ਕਾਰਵਾਈ ਕਰ ਸਕਦੀ ਹੈ। ਝੰਡਾ ਸਿੰਘ ਨੇ ਆਪਣੇ ਵਿਰੁਧ ਲਾਏ ਤਮਾਮ ਦੋਸ਼ਾਂ ਦੀ ਤਰਦੀਦ ਕੀਤੀ ਹੈ।
- Download Babushahi App
-
-