ਮੇਰਾ ਖਜ਼ਾਨਾ:
Chaali Din : ਬਾਈ ਮੈਂ ਤਾਂ ਦੇਖ ਲਈ, ਤੁਸੀਂ ਜ਼ਰੂਰ ਦੇਖਿਓ
ਬਹੁਤ ਸੁਚੱਜੀ, ਲੀਹੋਂ ਹਟਵੀਂ ਅਤੇ ਪੰਜਾਬੀ ਸਿਨੇਮਾ 'ਚ ਨਵੀਂ ਪਿਰਤ ਪਾਉਣ ਵਾਲੀ ਫਿਲਮ ਹੈ ‘ਚਾਲੀ ਦਿਨ’।
ਨਵੀਂ ਪੰਜਾਬੀ ਮੂਵੀ 'ਚਾਲੀ ਦਿਨ' ਦੇਖੀ। ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਿ ਇਹ ਬਹੁਤ ਵਧੀਆ, ਲੀਹੋਂ ਹਟਵੀਂ ਅਤੇ ਪੰਜਾਬੀ ਸਿਨੇਮਾ 'ਚ ਇੱਕ ਨਵੀਂ ਪਿਰਤ ਪਾਉਣ ਵਾਲੀ ਫਿਲਮ ਹੈ। ਫਿਲਮ ਬਹੁਪੱਖੀ ਹੈ। ਕਦੇ ਬਹੁਤ ਭਾਵੁਕ ਕਰ ਦਿੰਦੀ ਹੈ, ਕਦੇ ਜੱਗ-ਬੀਤੀਆਂ ਕਹਾਣੀਆਂ ਨਾਲ ਥੋੜ੍ਹੀ ਜਿਹੀ ਰੌਚਿਕ ਵੀ ਹੋ ਜਾਂਦੀ ਹੈ, ਕਦੇ ਸਿਰੇ ਦਾ ਅਧਿਆਤਮਕ (Spiritual) ਮਾਹੌਲ ਸਿਰਜ ਦਿੰਦੀ ਹੈ ਤੇ ਜੀਵਨ ਦੀਆਂ ਕੌੜੀਆਂ-ਮਿੱਠੀਆਂ ਹਕੀਕਤਾਂ ਦਿਖਾ ਕੇ ਝੰਜੋੜ ਵੀ ਦਿੰਦੀ ਹੈ ਤੇ ਜੀਵਨ ਜਾਚ ਦੇ ਟਿਪਸ ਵੀ ਦੇਣ ਲੱਗ ਜਾਂਦੀ ਹੈ। ਫਿਲਮ 'ਚ ਵਰਤੀਆਂ ਇਹ ਸਤਰਾਂ ਇਸ ਦੀ ਮਿਸਾਲ ਹਨ:

ਕੁਝ ਵੀ ਅਚਾਨਕ ਨਹੀਂ ਹੁੰਦਾ,
ਸਾਨੂੰ ਸਮਝਣ ਵਿੱਚ ਦੇਰ ਹੁੰਦੀ ਹੈ,
ਨਾ ਸੁਖ ਰਹਿੰਦਾ ਨਾ ਦੁਖ ਰਹਿੰਦਾ,
ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ।
ਪੇਸ਼ਕਾਰੀ ਇਸ ਤਰ੍ਹਾਂ ਦੀ ਹੈ ਕਿ ਅੱਜ 17 ਨੂੰ ਇਲਾਂਤੇ ਮਾਲ 'ਚ ਫਿਲਮ ਦੇ ਪ੍ਰੀਮੀਅਰ ਦੌਰਾਨ ਮੈਂ ਤੇ ਮੇਰੀ ਬੀਵੀ ਤ੍ਰਿਪਤਾ ਨੇ ਲਗਭਗ ਸਾਹ ਰੋਕ ਕੇ ਸਾਰੀ ਫਿਲਮ ਦੇਖੀ। ਅਖੀਰ ਤੱਕ ਉਤਸੁਕਤਾ ਬਣੀ ਰਹਿੰਦੀ ਹੈ। ਮੇਰਾ ਡਿਜੀਟਲ ਨਿਊਜ਼ ਮੀਡੀਆ 24x7 ਦਾ ਹੋਣ ਕਰਕੇ ਅਕਸਰ ਅਜਿਹੇ ਮੌਕਿਆਂ 'ਤੇ ਫਿਲਮ ਦੇਖਦਾ ਹੋਇਆ ਵੀ ਮੈਂ ਮੋਬਾਈਲ 'ਤੇ ਝਾਤੀ ਮਾਰ ਹੀ ਲੈਂਦਾ ਹਾਂ। ਫਿਲਮ 'ਚ ਗੀਤ ਸ਼ੁਰੂ ਹੋਵੇ ਤਾਂ ਮੋਬਾਈਲ 'ਤੇ ਆਪਣੀ ਵੈੱਬਸਾਈਟ ਜਾਂ ਆਪਣੇ ਸੋਸ਼ਲ ਮੀਡੀਆ 'ਤੇ ਨਜ਼ਰ ਮਾਰ ਹੀ ਲੈਂਦਾ ਹਾਂ, ਪਰ ਮੈਂ 'ਚਾਲੀ ਦਿਨ' ਦੇਖਦੇ ਹੋਏ ਪੂਰੇ ਇੱਕ ਮਿੰਟ ਲਈ ਵੀ ਮੋਬਾਈਲ ਨਹੀਂ ਦੇਖ ਸਕਿਆ। ਮੈਂ ਆਪਣੇ ਦੋਵੇਂ ਮੋਬਾਈਲ ਨਾਲ ਦੀ ਸੀਟ 'ਤੇ ਰੱਖ ਦਿੱਤੇ ਅਤੇ ਫਿਲਮ ਖਤਮ ਹੋਣ ਵੇਲੇ ਹੀ ਚੁੱਕੇ, ਉਦੋਂ ਨੂੰ ਫੋਨ ਕਾਲਾਂ ਤੇ Messages ਦਾ ਢੇਰ ਇਕੱਠਾ ਹੋ ਗਿਆ ਸੀ। ਇਹ ਫਿਲਮ ਮੇਕਰਾਂ ਤੇ ਡਾਇਰੈਕਟਰ ਦੀ ਪ੍ਰਾਪਤੀ ਹੈ।

ਅਮਰੀਕਾ ਦੇ ਕੈਲੀਫੋਰਨੀਆ 'ਚ ਵੱਸਦੇ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਦੇ ਸੰਸਾਰ ਪ੍ਰਸਿੱਧ ਨਾਵਲ 'ਚਾਲੀ ਦਿਨ' 'ਤੇ ਅਧਾਰਿਤ ਇਸ ਫਿਲਮ ਦੀ ਸਟਾਰ ਕਾਸਟ ਦੇ ਸਾਰੇ ਕਲਾਕਾਰਾਂ ਨੇ ਆਪਣੇ-ਆਪਣੇ ਰੋਲ ਨਾਲ ਬਹੁਤ ਇਨਸਾਫ਼ ਕੀਤਾ। ਡਾਕਟਰ ਧੁੱਗਾ ਦੇ ਫੌਜੀ ਅਫ਼ਸਰ ਦੇ ਰੋਲ ਤੋਂ ਲੈ ਕੇ ਛੋਟੇ ਬੱਚੇ ਅਤੇ ਬਾਸ਼ਾ ਕੁੱਤੇ ਤੱਕ, ਸਭ ਨੇ ਆਪਣੇ ਰੋਲ ਬਖੂਬੀ ਨਿਭਾਏ ਹਨ। ਇਨ੍ਹਾਂ ਵਿੱਚੋਂ ਗੁਰਪ੍ਰੀਤ ਘੁੱਗੀ ਤੇ ਦੇਬੀ ਮਕਸੂਦਪੁਰੀ ਨੇ ਤਾਂ ਕਲਾਕਾਰ ਜਗਤ ਨੂੰ ਵੀ ਹੈਰਾਨ ਕੀਤਾ ਹੋਵੇਗਾ। ਗਾਇਕੀ ਤੇ ਗੀਤ ਲੇਖਣੀ 'ਚ ਪੰਜਾਬੀ ਜਗਤ ਦੇ ਸਿਤਾਰੇ ਬਣੇ ਦੇਬੀ ਨੇ ਤਾਂ ਪਹਿਲੀ ਫਿਲਮ 'ਚ ਸਾਈਂ ਫਕੀਰ ਵਜੋਂ ਇਸ ਤਰ੍ਹਾਂ ਕੰਮ ਕੀਤਾ ਜਿਵੇਂ ਕੋਈ ਹੰਢਿਆ-ਵਰਤਿਆ ਐਕਟਰ ਹੋਵੇ। ਫਿਲਮ ਦੀ ਹੀਰੋਇਨ ਦ੍ਰਿਸ਼ਟੀ ਦੇ ਚਿਹਰੇ ਦੀ ਮਾਸੂਮੀਅਤ ਉਹਦੀ ਐਕਟਿੰਗ ਨਾਲੋਂ ਵੀ ਵੱਧ ਪ੍ਰਭਾਵ ਪਾਉਂਦੀ ਹੈ।
1947 ਤੋਂ ਪਹਿਲਾਂ ਅਤੇ ਵੰਡ ਤੋਂ ਫੌਰੀ ਬਾਅਦ ਦੇ ਸਮੇਂ ਦੇ ਮਾਹੌਲ ਨੂੰ ਚਿਤਰਦੀ ਇਹ ਫਿਲਮ ਰਵਾਇਤੀ ਪੰਜਾਬੀ ਫਿਲਮਾਂ ਵਾਲੀ ਕਾਮੇਡੀ ਜਾਂ ਪੰਜਾਬੀ ਪਾਤਰਾਂ ਦਾ ਮਜ਼ਾਕ ਉਡਾਉਣ ਵਾਲੀ ਬਿਲਕੁਲ ਨਹੀਂ ਹੈ।
ਸਮੁੱਚੇ ਤੌਰ 'ਤੇ ਪ੍ਰੋਡਕਸ਼ਨ-ਡਾਇਰੈਕਸ਼ਨ ਕਾਬਲੇ-ਤਾਰੀਫ਼ ਹੈ, ਪਰ ਕੁਝ ਤਕਨੀਕੀ ਖਾਮੀਆਂ ਵੀ ਹੈਗੀਆਂ ਨੇ। ਮਨੋਰੰਜਨ ਪੱਖੋਂ ਵੀ ਫਿਲਮ ਥੋੜ੍ਹੀ ਊਣੀ ਹੈ। ਅਚੇਤ ਰੂਪ 'ਚ ਹੀ ਫਿਲਮ ਅਤੇ ਮਨੋਰੰਜਨ ਦਾ ਗੂੜ੍ਹਾ ਰਿਸ਼ਤਾ ਹੈ — ਸਟੋਰੀਲਾਈਨ ਤੇ ਮਨੋਰੰਜਨ ਦਾ ਸਮਤੋਲ ਹੋਵੇ ਤਾਂ ਸੋਨੇ 'ਤੇ ਸੁਹਾਗਾ ਹੁੰਦੈ।
ਮੈਂ ਡਾਕਟਰ ਧੁੱਗਾ ਨਾਲ ਜਦੋਂ ਪੋਡਕਾਸਟ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ, "ਖੁਸ਼ੀ ਸਿਰਫ਼ ਹਾਸੇ ਨਾਲ ਹੀ ਨਹੀਂ ਮਿਲਦੀ, ਮਨ ਦੇ ਟਿਕਾਅ ਨਾਲ ਵੀ ਮਿਲਦੀ ਹੈ।"
19 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਵਾਲੀ ਇਹ ਫਿਲਮ ਵਾਧਿਆਂ-ਘਾਟਿਆਂ ਦੇ ਬਾਵਜੂਦ ਸਭ ਪੰਜਾਬੀਆਂ ਦੇ ਦੇਖਣ ਲਾਇਕ ਹੈ। ਅਜਿਹੇ ਸਿਨੇਮੇ ਅਤੇ ਇਨ੍ਹਾਂ ਦੇ ਮੇਕਰਾਂ ਦੀ ਹੌਸਲਾ-ਅਫ਼ਜ਼ਾਈ ਵੀ ਜ਼ਰੂਰੀ ਹੈ।
Baljit Balli
Editor-in-Chief
Babushahi News Networktaz

-
Baljit Balli, Editor-in-Chief Babushahi News Networktaz
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.