ਜ਼ੀਰਕਪੁਰ: ਭਾਜਪਾ ਦਾ ‘12 ਸਾਲ ਵਿਸ਼ਵਾਸ ਦੇ-12 ਸਾਲ ਵਿਕਾਸ ਦੇ’ ਸੰਮੇਲਨ 'ਚ ਸਮ੍ਰਿਤੀ ਇਰਾਨੀ ਨੇ ਗਿਣਵਾਈਆਂ ਮੋਦੀ ਸਰਕਾਰ ਦੀਆਂ ਉਪਲਬਧੀਆਂ
ਜ਼ੀਰਕਪੁਰ, 18 ਜੂਨ 2026- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਮੌਕੇ ’ਤੇ ਜ਼ੀਰਕਪੁਰ ਦੇ ਰੈਡੀਸਨ ਹੋਟਲ ਵਿੱਚ “12 ਸਾਲ ਵਿਸ਼ਵਾਸ ਦੇ, 12 ਸਾਲ ਵਿਕਾਸ ਦੇ, ਜਨ ਕਲਿਆਣ ਤੋਂ ਵਿਕਸਿਤ ਭਾਰਤ ਤੱਕ” ਸੰਕਲਪ ਸੰਮੇਲਨ ਕਰਵਾਇਆ ਗਿਆ। ਸਮਾਗਮ ਵਿੱਚ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ Smriti Irani ਮੁੱਖ ਮਹਿਮਾਨ ਵਜੋਂ, ਜਦੋਂਕਿ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਅਤੇ ਹੋਰ ਵੀ ਨੇਤਾ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਗਰੀਬ ਕਲਿਆਣ, ਮਹਿਲਾ ਸਸ਼ਕਤੀਕਰਨ, ਕਿਸਾਨ ਭਲਾਈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇਤਿਹਾਸਕ ਕੰਮ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਆਪਣੇ ਆਪ ਨੂੰ ਦੇਸ਼ ਦਾ ਸ਼ਾਸਕ ਨਹੀਂ, ਸਗੋਂ “ਪ੍ਰਧਾਨ ਸੇਵਕ” ਦੱਸਿਆ ਸੀ ਅਤੇ ਇਸੀ ਸੋਚ ਨਾਲ ਸਰਕਾਰ ਨੇ ਗਰੀਬਾਂ ਅਤੇ ਲੋੜਵੰਦ ਵਰਗਾਂ ਦੀ ਭਲਾਈ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ।
ਇਰਾਨੀ ਨੇ ਦਾਅਵਾ ਕੀਤਾ ਕਿ ਦੇਸ਼ ਭਰ ਵਿੱਚ ਕਰੋੜਾਂ ਸ਼ੌਚਾਲਿਆਂ ਦਾ ਨਿਰਮਾਣ ਕੀਤਾ ਗਿਆ, ਜਨ ਧਨ ਯੋਜਨਾ ਤਹਿਤ ਕਰੋੜਾਂ ਨਵੇਂ ਬੈਂਕ ਖਾਤੇ ਖੋਲ੍ਹੇ ਗਏ ਅਤੇ ਸਰਕਾਰੀ ਯੋਜਨਾਵਾਂ ਦੀ ਰਕਮ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜੀ ਗਈ। ਉਨ੍ਹਾਂ ਕਿਹਾ ਕਿ ਡਾਇਰੈਕਟ ਬੈਨਿਫਿਟ ਟਰਾਂਸਫਰ ਰਾਹੀਂ ਸਰਕਾਰੀ ਧਨ ਦੀ ਵੱਡੀ ਬਚਤ ਹੋਈ ਅਤੇ ਭ੍ਰਿਸ਼ਟਾਚਾਰ ’ਤੇ ਵੀ ਰੋਕ ਲੱਗੀ।
ਕੋਵਿਡ-19 ਮਹਾਂਮਾਰੀ ਦਾ ਜ਼ਿਕਰ ਕਰਦਿਆਂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਸੰਕਟ ਦੇ ਸਮੇਂ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਮੁਫ਼ਤ ਰਾਸ਼ਨ ਅਤੇ ਵੈਕਸੀਨ ਮੁਹੱਈਆ ਕਰਵਾਈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੇ ਨਾ ਸਿਰਫ਼ ਆਪਣੇ ਲੋਕਾਂ ਦੀ ਸੁਰੱਖਿਆ ਕੀਤੀ, ਸਗੋਂ ਦੁਨੀਆ ਦੇ ਕਈ ਦੇਸ਼ਾਂ ਨੂੰ ਵੀ ਵੈਕਸੀਨ ਭੇਜ ਕੇ ਮਦਦ ਕੀਤੀ।
ਉਨ੍ਹਾਂ ਨੇ ਧਾਰਾ 370 ਹਟਾਉਣ, ਰਾਮ ਮੰਦਰ ਨਿਰਮਾਣ ਅਤੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਫ਼ੈਸਲਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਸਾਰੇ ਫ਼ੈਸਲੇ ਦੇਸ਼ ਦੀ ਜਨਤਾ ਦੇ ਸਮਰਥਨ ਨਾਲ ਸੰਭਵ ਹੋਏ ਹਨ।
ਭਾਜਪਾ ਪੰਜਾਬ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਮੋਦੀ ਸਰਕਾਰ ਦੌਰਾਨ ਕਰੋੜਾਂ ਪਰਿਵਾਰਾਂ ਨੂੰ ਪੱਕੇ ਘਰ, ਉੱਜਵਲਾ ਯੋਜਨਾ ਤਹਿਤ ਗੈਸ ਕਨੈਕਸ਼ਨ ਅਤੇ ਘਰਾਂ ਤੱਕ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ। ਕਿਸਾਨਾਂ ਦੇ ਮੁੱਦੇ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਆਰਥਿਕ ਸਹਾਇਤਾ ਭੇਜੀ ਗਈ ਹੈ।
ਆਪਣੇ ਸੰਬੋਧਨ ਦੇ ਅੰਤ ਵਿੱਚ ਸਮ੍ਰਿਤੀ ਇਰਾਨੀ ਨੇ ਲੋਕਾਂ ਨੂੰ ਵਿਕਸਿਤ ਭਾਰਤ ਦੇ ਸੰਕਲਪ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 12 ਸਾਲਾਂ ਦੀ ਇਹ ਯਾਤਰਾ ਸਿਰਫ਼ ਇੱਕ ਪੜਾਅ ਹੈ ਅਤੇ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦਾ ਸਫ਼ਰ ਅਜੇ ਜਾਰੀ ਹੈ।
- Download Babushahi App
-
-