ਲੁਧਿਆਣਾ ਪੁਲਿਸ ਦੀ ਵੱਡੀ ਸਫਲਤਾ: ਬੈਂਕ ਆਫ ਬੜੌਦਾ ਦੇ ATM 'ਚੋਂ 17.98 ਲੱਖ ਰੁਪਏ ਚੋਰੀ ਕਰਨ ਵਾਲੇ ਦੋ ਦੋਸ਼ੀ ਗ੍ਰਿਫ਼ਤਾਰ
13.75 ਲੱਖ ਰੁਪਏ ਅਤੇ ਮੋਬਾਈਲ ਫੋਨ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 19 ਜੂਨ 2026
ਲੁਧਿਆਣਾ ਪੁਲਿਸ ਨੇ ਬੈਂਕ ਆਫ ਬੜੌਦਾ ਪ੍ਰਤਾਪ ਚੌਕ ਸਥਿਤ ATM ਮਸ਼ੀਨ ਵਿੱਚੋਂ ਲੱਖਾਂ ਰੁਪਏ ਦੀ ਚੋਰੀ ਕਰਨ ਵਾਲੇ ਦੋ ਸ਼ਾਤਿਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਰਕਮ ਵਿੱਚੋਂ 13 ਲੱਖ 75 ਹਜ਼ਾਰ 700 ਰੁਪਏ ਅਤੇ ਚੋਰੀ ਦੇ ਪੈਸਿਆਂ ਨਾਲ ਖਰੀਦੇ ਗਏ ਦੋ ਮੋਬਾਈਲ ਫੋਨ ਵੀ ਬਰਾਮਦ ਕਰ ਲਏ ਹਨ।
ਜਾਣਕਾਰੀ ਅਨੁਸਾਰ ਮਿਤੀ 13-06-2026 ਨੂੰ ਥਾਣਾ ਡਵੀਜ਼ਨ ਨੰਬਰ-06 ਲੁਧਿਆਣਾ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੈਂਕ ਆਫ ਬੜੌਦਾ, ਪ੍ਰਤਾਪ ਚੌਕ, ਲੁਧਿਆਣਾ ਵਿਖੇ ਸਥਿਤ ATM ਮਸ਼ੀਨ ਵਿੱਚੋਂ ਅਣਪਛਾਤੇ ਵਿਅਕਤੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਹਨ। ਇਸ ਸਬੰਧੀ ਬੈਂਕ ਮੈਨੇਜਰ ਨੀਲਮ ਕੁਮਾਰੀ ਪਤਨੀ ਚਰਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 151 ਮਿਤੀ 14-06-2026 ਅਧੀਨ ਧਾਰਾ 305 BNS ਤਹਿਤ ਥਾਣਾ ਡਵੀਜ਼ਨ ਨੰਬਰ-06 ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਵਪਨ ਸ਼ਰਮਾ IPS, ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਸਕਿਰਨਜੀਤ ਸਿੰਘ PPS, ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ), ਕਰਨਵੀਰ ਸਿੰਘ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਅਤੇ ਅਨੁਭਵ ਜੈਨ IPS,ਹਾਇਕ ਕਮਿਸ਼ਨਰ ਪੁਲਿਸ ਇੰਡਸਟਰੀਅਲ ਏਰੀਆ-ਬੀ ਦੀ ਅਗਵਾਈ ਹੇਠ ਇੰਸਪੈਕਟਰ ਰਜਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ-06 ਦੀਆਂ ਟੀਮਾਂ ਦਾ ਗਠਨ ਕੀਤਾ ਗਿਆ।
ਪੁਲਿਸ ਟੀਮਾਂ ਨੇ ਤਕਨੀਕੀ ਸਾਧਨਾਂ ਅਤੇ ਖੁਫੀਆ ਸੂਚਨਾਵਾਂ ਦੀ ਮਦਦ ਨਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਦੋਸ਼ੀਆਂ ਸੁਦਾਂਸ਼ੂ ਮਹਾਜਨ ਉਰਫ਼ ਸ਼ੈਂਟੀ (24) ਅਤੇ ਵਸੀਮ ਖਾਨ ਉਰਫ਼ ਮੋਟੂ (19) ਨੂੰ ਟਰੇਸ ਕਰ ਲਿਆ। ਦੋਵੇਂ ਦੋਸ਼ੀਆਂ ਨੂੰ 18 ਜੂਨ 2026 ਨੂੰ ਜੱਸਾ ਸਿੰਘ ਰਾਮਗੜੀਆ ਚੌਕ ਨੇੜੇ ਬਸੰਤ ਪਾਰਕ, ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਅਨੁਸਾਰ ਘਟਨਾ 12 ਅਤੇ 13 ਜੂਨ 2026 ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ। ਦੋਸ਼ੀਆਂ ਨੇ ATM ਮਸ਼ੀਨ ਦੀਆਂ ਕੈਸ਼ ਟਰੇਆਂ ਨੂੰ ਜ਼ਬਰਦਸਤੀ ਖੋਲ੍ਹ ਕੇ ਕਰੀਬ 17 ਲੱਖ 98 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਸੀ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਦੋਸ਼ੀ ਦਿਹਾੜੀ-ਮਜ਼ਦੂਰੀ ਕਰਦੇ ਸਨ ਅਤੇ ਆਪਸ ਵਿੱਚ ਦੋਸਤ ਹਨ। ਮੁੱਖ ਦੋਸ਼ੀ ਸੁਦਾਂਸ਼ੂ ਮਹਾਜਨ ਅਕਸਰ ਪ੍ਰਤਾਪ ਚੌਕ ਇਲਾਕੇ ਵਿੱਚ ਬਣੇ ਫੁੱਟਪਾਥਾਂ ਜਾਂ ATM ਕਮਰਿਆਂ ਵਿੱਚ ਰਾਤ ਗੁਜ਼ਾਰਦਾ ਸੀ। ਗਰਮੀਆਂ ਦੇ ਮੌਸਮ ਅਤੇ ਕੰਮਕਾਜ ਦੀ ਕਮੀ ਕਾਰਨ ਉਸ ਦੇ ਮਨ ਵਿੱਚ ATM ਮਸ਼ੀਨ ਵਿੱਚੋਂ ਨਕਦੀ ਚੋਰੀ ਕਰਨ ਦੀ ਯੋਜਨਾ ਬਣੀ। ਉਸ ਨੇ ਆਪਣੇ ਸਾਥੀ ਵਸੀਮ ਖਾਨ ਨਾਲ ਮਿਲ ਕੇ 12/13 ਜੂਨ ਦੀ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਚੋਰੀ ਕੀਤੀ ਕੁੱਲ ਰਕਮ: 17,98,000 ਰੁਪਏ (ਕਰੀਬ)
ਲੁਧਿਆਣਾ ਪੁਲਿਸ ਦੀ ਇਸ ਕਾਰਵਾਈ ਨੂੰ ਇੱਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਇੱਕ ਸਨਸਨੀਖੇਜ਼ ਚੋਰੀ ਦਾ ਪਰਦਾਫਾਸ਼ ਹੋਇਆ ਹੈ, ਸਗੋਂ ਚੋਰੀ ਕੀਤੀ ਗਈ ਵੱਡੀ ਰਕਮ ਵੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਪੁਲਿਸ ਵੱਲੋਂ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿਸੇ ਹੋਰ ਵਾਰਦਾਤ ਵਿੱਚ ਵੀ ਸ਼ਾਮਲ ਰਹੇ ਹਨ ਜਾਂ ਨਹੀਂ।
- Download Babushahi App
-
-