MP ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ
15 ਦਿਨਾਂ ਤੋਂ ਮਲੇਸ਼ੀਆ ‘ਚ ਫਸਿਆ ਜਲੰਧਰ ਦਾ ਨੌਜਵਾਨ ਸੁਰੱਖਿਅਤ ਭਾਰਤ ਪਰਤਿਆ
ਬਲਵਿੰਦਰ ਸਿੰਘ ਧਾਲੀਵਾਲ / ਬਾਬੂਸ਼ਾਹੀ ਬਿਊਰੋ
ਸੁਲਤਾਨਪੁਰ ਲੋਧੀ 13 ਮਈ 2026 ਪਿਛਲੇ ਕਰੀਬ 15 ਦਿਨਾਂ ਤੋਂ ਮਲੇਸ਼ੀਆ ਵਿੱਚ ਫਸਿਆ ਜਲੰਧਰ ਦਾ ਨੌਜਵਾਨ ਆਕਾਸ਼ ਆਖਰਕਾਰ ਸੁਰੱਖਿਅਤ ਤਰੀਕੇ ਨਾਲ ਭਾਰਤ ਵਾਪਸ ਆ ਗਿਆ। ਉਸਦੀ ਵਾਪਸੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਲਗਾਤਾਰ ਯਤਨਾਂ ਸਦਕਾ ਸੰਭਵ ਹੋ ਸਕੀ। ਭਾਰਤ ਪਹੁੰਚਣ ਤੋਂ ਬਾਅਦ ਆਕਾਸ਼ ਅਤੇ ਉਸਦੇ ਪਰਿਵਾਰ ਨੇ ਸੰਤ ਸੀਚੇਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਵਿਦੇਸ਼ ਵਿੱਚ ਫਸ ਜਾਣ ਕਾਰਨ ਘਰ ਦਾ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਉਹ ਲਗਭਗ ਉਮੀਦ ਛੱਡ ਚੁੱਕੇ ਸਨ, ਪਰ ਸੰਤ ਸੀਚੇਵਾਲ ਵੱਲੋਂ ਕੀਤੀ ਗਈ ਪਹਿਲਕਦਮੀ ਅਤੇ ਨਿਰੰਤਰ ਕੋਸ਼ਿਸ਼ਾਂ ਕਾਰਨ ਆਖਿਰਕਾਰ ਉਹਨਾਂ ਦਾ ਪੁੱਤਰ ਸੁਰੱਖਿਅਤ ਘਰ ਵਾਪਸ ਪਰਤ ਆਇਆ।
ਜਾਣਕਾਰੀ ਮੁਤਾਬਕ ਆਕਾਸ਼ ਨਿਊਜ਼ੀਲੈਂਡ ਤੋਂ ਭਾਰਤ ਵਾਪਸ ਆ ਰਿਹਾ ਸੀ, ਪਰ ਦਸਤਾਵੇਜ਼ੀ ਕਾਰਵਾਈ ਵਿੱਚ ਆਈਆਂ ਮੁਸ਼ਕਲਾਂ ਕਾਰਨ ਉਹ ਮਲੇਸ਼ੀਆ ਪਹੁੰਚ ਗਿਆ। ਉੱਥੇ ਉਸਨੂੰ ਕਈ ਦਿਨ ਹਵਾਈ ਅੱਡੇ ‘ਤੇ ਰਹਿਣਾ ਪਿਆ ਅਤੇ ਬਾਅਦ ਵਿੱਚ ਉਸਨੂੰ ਇਕ ਨਜ਼ਰਬੰਦੀ ਕੇਂਦਰ ਵਿੱਚ ਹਿਰਾਸਤ ਵਿੱਚ ਵੀ ਰੱਖਿਆ ਗਿਆ।
ਭਾਰਤ ਪਰਤਣ ਉਪਰੰਤ ਆਕਾਸ਼ ਨੇ ਦੱਸਿਆ ਕਿ ਉਸਨੇ ਬਹੁਤ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕੀਤਾ। ਉਸਨੇ ਕਈ ਦਿਨ ਹਵਾਈ ਅੱਡੇ ‘ਤੇ ਗੁਜ਼ਾਰੇ ਅਤੇ ਮਾਨਸਿਕ ਤੌਰ ‘ਤੇ ਵੀ ਕਾਫੀ ਪ੍ਰੇਸ਼ਾਨ ਰਿਹਾ। ਉਸਨੇ ਕਿਹਾ ਕਿ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਮਦਦ ਲਈ ਸਰਕਾਰੀ ਪ੍ਰਣਾਲੀ ਹੋਰ ਮਜ਼ਬੂਤ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨੂੰ ਅਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਪਰਿਵਾਰ ਨੇ ਕੇਂਦਰ ਸਰਕਾਰ ਅਤੇ ਸਬੰਧਤ ਏਜੰਸੀਆਂ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਮਦਦ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਈ ਜਾਵੇ।
- Download Babushahi App
-
-