ਭਾਈ ਬਲਦੇਵ ਵਡਾਲਾ ਦੇ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ‘ਤੇ ਤਿੱਖੇ ਹਮਲੇ, ਕਿਹਾ- “ਪੰਥ ਅਜਿਹੇ ਬਿਆਨਾਂ ਨੂੰ ਨਹੀਂ ਮੰਨਦਾ”
ਗ੍ਰੰਥੀ ਸਿੰਘਾਂ ਅਤੇ ਸੰਗਤਾਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਭਰੋਸਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ 09 ਮਈ 2026- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ 2026 ਦੇ ਸਮਰਥਨ ਸਬੰਧੀ ਅੱਜ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਲੋਕਾਂ ਵੱਲੋਂ ਇਸ ਕਾਨੂੰਨ ਬਾਰੇ ਸੰਗਤਾਂ ਵਿੱਚ ਗਲਤਫਹਿਮੀਆਂ ਫੈਲਾਈਆਂ ਜਾ ਰਹੀਆਂ ਹਨ, ਜਦਕਿ ਇਹ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਬੇਅਦਬੀ ਰੋਕਣ ਲਈ ਬਣਾਇਆ ਗਿਆ ਹੈ।
ਭਾਈ ਬਲਦੇਵ ਸਿੰਘ ਵਡਾਲਾ ਨੇ ਕਿਸੇ ਦਾ ਨਾਓਂ ਲਏ ਬਗੈਰ ਕਿਹਾ ਕਿ ਬੀਤੇ ਕੱਲ੍ਹ ਕੁਝ ਧਾਰਮਿਕ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਵਿੱਚ ਕਿਹਾ ਗਿਆ ਕਿ ਉਹ ਇਸ ਕਾਨੂੰਨ ਨੂੰ ਨਹੀਂ ਮੰਨਦੇ, ਪਰ ਪੰਥ ਅਜਿਹੇ ਬਿਆਨਾਂ ਨੂੰ ਸਵੀਕਾਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਕਾਲ ਤਖ਼ਤ ਸਾਹਿਬ ਦਾ ਟਕਰਾਅ ਸਰਕਾਰ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕਾਨੂੰਨ ਬਣ ਚੁੱਕਾ ਹੈ ਅਤੇ ਹੁਣ ਇਸਨੂੰ ਹਰ ਹਾਲਤ ਵਿੱਚ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਵੇਂ ਕੋਈ ਕਿੰਨੀਆਂ ਵੀ “ਗੈਰ ਸੰਵਿਧਾਨਕ ਇਕੱਤਰਤਾਵਾਂ” ਕਰ ਲਵੇ, ਪਰ ਇਸ ਕਾਨੂੰਨ ‘ਤੇ ਉਸਦਾ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ 15 ਦਿਨ ਦਾ ਸਮਾਂ ਦੇਣ ਦੀ ਗੱਲ ਵੀ ਬੇਬੁਨਿਆਦ ਹੈ ਅਤੇ ਸਰਕਾਰ ਨੂੰ ਕਿਸੇ ਕਿਸਮ ਦੇ ਦਬਾਅ ਵਿੱਚ ਆਉਣ ਦੀ ਲੋੜ ਨਹੀਂ। ਭਾਈ ਵਡਾਲਾ ਨੇ ਕੁਝ ਧਾਰਮਿਕ ਆਗੂਆਂ ‘ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਜਿਹੜੇ ਲੋਕ ਪਹਿਲਾਂ ਹੀ ਵਿਵਾਦਾਂ ਵਿੱਚ ਰਹੇ ਹਨ, ਉਹ ਕਾਨੂੰਨ ਬਾਰੇ ਫੈਸਲੇ ਕਰਨ ਦੀ ਸਥਿਤੀ ਵਿੱਚ ਨਹੀਂ ਹਨ।
ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਕਾਨੂੰਨ “ਬਾਣੀ ਪੜ੍ਹਨ ਵਾਲਿਆਂ” ਲਈ ਨਹੀਂ, ਸਗੋਂ “ਬੇਅਦਬੀ ਕਰਨ ਵਾਲਿਆਂ” ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਆਮ ਸਿੱਖਾਂ ਨੂੰ ਡਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਅਤੇ ਪੋਥੀਆਂ ਰੱਖਣ ਤੋਂ ਨਾ ਘਬਰਾਉਣ
ਭਾਈ ਵਡਾਲਾ ਨੇ ਗ੍ਰੰਥੀ ਸਿੰਘਾਂ ਅਤੇ ਪਾਠੀ ਸਿੰਘਾਂ ਨੂੰ ਵੀ ਸੁਨੇਹਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਡਰਾਉਣ ਜਾਂ ਦਬਾਅ ਹੇਠ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਜੇ ਕਿਸੇ ਨੂੰ ਗਲਤ ਤਰੀਕੇ ਨਾਲ ਕਿਸੇ ਮਾਮਲੇ ਵਿੱਚ ਫਸਾਇਆ ਗਿਆ ਤਾਂ ਉਨ੍ਹਾਂ ਦੀ ਕਾਨੂੰਨੀ ਟੀਮ ਪੂਰੀ ਮਦਦ ਲਈ ਨਾਲ ਖੜੀ ਰਹੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਬਣੇ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਉਹ ਹਰ ਪੱਧਰ ‘ਤੇ ਸੰਘਰਸ਼ ਜਾਰੀ ਰੱਖਣਗੇ।
- Download Babushahi App
-
-