ਸਰਕਾਰੀ ਹਸਪਤਾਲ ਨੂੰ ਜਾਂਦੀ ਸੜਕ ਖੁਦ ਹੋਈ ਬਿਮਾਰ, ਵੱਡੇ ਵੱਡੇ ਟੋਏ ਦੇ ਰਹੇ ਦੁਰਘਟਨਾਵਾਂ ਨੂੰ ਸੱਦਾ
ਰੋਹਿਤ ਗੁਪਤਾ, ਗੁਰਦਾਸਪੁਰ
ਗੁਰਦਾਸਪੁਰ ਦੇ ਪਧਰੀ ਸਰਕਾਰੀ ਹਸਪਤਾਲ ਨੂੰ ਜਾਂਦੀ ਸੜਕ ਦਾ ਬੁਰਾ ਹਾਲ ਹੋ ਗਿਆ ਹੈ। ਅਰਸੇ ਤੋਂ ਮੁਰੰਮਤ ਨਾ ਹੋਣ ਕਾਰਨ ਕਰੀਬ 200 ਮੀਟਰ ਲੰਬੀ ਇਸ ਰੋਡ 'ਤੇ ਵੱਡੇ ਵੱਡੇ ਟੋਏ ਪੈ ਗਏ ਹਨ ਅਤੇ ਸੜਕ ਦੇ ਥੱਲਿਓਂ ਵੱਡੇ ਵੱਡੇ ਪੱਥਰ ਵੀ ਨਿਕਲਣੇ ਸ਼ੁਰੂ ਹੋ ਗਏ ਹਨ। ਐਂਬੂਲੈਂਸ ਰਾਹੀਂ ਮਰੀਜ਼ਾਂ ਨੂੰ ਇੱਥੋਂ ਗੁਜ਼ਰਨ 'ਤੇ ਤਾਂ ਮੁਸ਼ਕਿਲ ਹੁੰਦੀ ਹੀ ਹੈ, ਦੋ ਪਹੀਆ ਵਾਹਨ ਚਾਲਕਾਂ ਨੂੰ ਵੀ ਦੁਰਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ। ਉੱਥੇ ਹੀ ਬਾਰਿਸ਼ ਦੇ ਦਿਨਾਂ ਵਿੱਚ ਤਾਂ ਇਸ ਸੜਕ ਦਾ ਹੋਰ ਬੁਰਾ ਹਾਲ ਹੋ ਜਾਂਦਾ ਹੈ ਤੇ ਟੋਇਆਂ ਵਿੱਚ ਪਾਣੀ ਭਰਨ ਕਾਰਨ ਕਈ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ। ਐਮਰਜੈਂਸੀ ਹਾਲਾਤ ਵਿੱਚ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਅਤੇ ਹੋਰ ਗੱਡੀ ਚਾਲਕਾਂ ਨੂੰ ਬੇਹੱਦ ਸੰਭਲ ਸੰਭਲ ਕੇ ਅਤੇ ਹੌਲੀ ਹੌਲੀ ਇੱਥੋਂ ਲੰਘਣਾ ਪੈਂਦਾ ਹੈ। ਸਥਾਨਕ ਲੋਕਾਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਹਸਪਤਾਲ ਜਾਣ ਵਾਲਿਆਂ ਨੂੰ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।
- Download Babushahi App
-
-