ਤਰਨਤਾਰਨ : ਪਿੰਡ ਸਭਰਾ ਦੇ 25 ਸਾਲਾ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ
ਪਰਿਵਾਰ ਵੱਲੋਂ ਪੁਲਿਸ ਅਤੇ ਸਰਕਾਰ ਖਿਲਾਫ ਗੰਭੀਰ ਇਲਜ਼ਾਮ
Baljit Singh/ ਬਾਬੂਸ਼ਾਹੀ ਬਿਊਰੋ
ਤਰਨਤਾਰਨ/ਪੱਟੀ, 04 ਮਈ, 2026 ।
ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਵਿੱਚ ਨਸ਼ੇ ਦੀ ਓਵਰਡੋਜ਼ (Overdose) ਕਾਰਨ ਇੱਕ 25 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਦੀ ਪਛਾਣ ਸਰਦੂਲ ਸਿੰਘ ਵਜੋਂ ਹੋਈ ਹੈ । ਮ੍ਰਿਤਕ ਦੇ ਪਿਤਾ ਬਲਵੀਰ ਸਿੰਘ, ਚਾਚਾ ਰਣਜੀਤ ਸਿੰਘ ਅਤੇ ਭਰਾ ਰਣਧੀਰ ਸਿੰਘ ਨੇ ਦੱਸਿਆ ਕਿ ਸਰਦੂਲ ਸਿੰਘ ਬੀਤੀ ਦੇਰ ਰਾਤ ਘਰ ਤੋਂ ਬਾਹਰ ਗਿਆ ਸੀ ਪਰ ਵਾਪਸ ਨਹੀਂ ਪਰਤਿਆ । ਬਾਅਦ ਵਿੱਚ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਲੜਕਾ ਬਾਹਰ ਮੰਡ ਇਲਾਕੇ ਵਿੱਚ ਪਿਆ ਹੋਇਆ ਹੈ । ਜਦੋਂ ਪਰਿਵਾਰ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਸਰਦੂਲ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਸਰੀਰ 'ਤੇ ਨਸ਼ੇ ਦਾ ਟੀਕਾ (Injection) ਲੱਗਿਆ ਹੋਇਆ ਸੀ ।
ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ 'ਤੇ ਬਹੁਤ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਿੰਡ ਸਭਰਾ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨਸ਼ਾ ਤਸਕਰਾਂ (Drug Smugglers) ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦਾ ਪੱਖ ਪੂਰਦੀ ਹੈ, ਜਿਸ ਕਾਰਨ ਉਨ੍ਹਾਂ ਨੇ ਕੋਈ ਪੁਲਿਸ ਦਰਖਾਸਤ ਵੀ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਨੂੰ ਸੁਣਵਾਈ ਦੀ ਕੋਈ ਉਮੀਦ ਨਹੀਂ ਹੈ । ਇਸ ਦੇ ਨਾਲ ਹੀ ਪਰਿਵਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੀ ਤਿੱਖੇ ਹਮਲੇ ਕੀਤੇ । ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਾ ਖ਼ਤਮ ਕਰਨ ਦੇ ਵੱਡੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ, ਪਰ ਅਸਲੀਅਤ ਵਿੱਚ ਨਸ਼ਾ ਹਰ ਘਰ ਤੱਕ ਪਹੁੰਚ ਗਿਆ ਹੈ । ਪਰਿਵਾਰ ਨੇ ਮੰਗ ਕੀਤੀ ਹੈ ਕਿ ਪਿੰਡ ਵਿੱਚ ਵਿਕ ਰਹੇ ਨਸ਼ੇ 'ਤੇ ਤੁਰੰਤ ਠੱਲ੍ਹ ਪਾਈ ਜਾਵੇ ਤਾਂ ਜੋ ਹੋਰ ਨੌਜਵਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ।
Click to Follow Babushahi Facebook page →