ਸਾਹਿਤ ਸਭਾ ਸਰੀ ਦੀ ਮਾਸਿਕ ਇਕੱਤਰਤਾ: ਪਾਸ਼ ਦੀ ਯਾਦ ਅਤੇ ਕਾਵਿ ਰਚਨਾਵਾਂ ਨਾਲ ਸਜੀ ਮਹਿਫ਼ਲ
ਹਰਦਮ ਮਾਨ
ਸਰੀ, 5 ਮਈ 2026- ਸਾਹਿਤਕ ਸਰਗਰਮੀਆਂ ਦੀ ਗਤੀਸ਼ੀਲਤਾ ਨੂੰ ਬਰਕਰਾਰ ਰੱਖਦਿਆਂ ਸਾਹਿਤ ਸਭਾ ਸਰੀ ਦੀ ਮਹੀਨਾਵਾਰ ਮੀਟਿੰਗ ਪੰਜਾਬ ਭਵਨ ਸਰੀ ਵਿਖੇ ਹੋਈ। ਇੰਦਰਜੀਤ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿੱਚ ਜਿੱਥੇ ਕਾਵਿਕ ਰੰਗ ਬਿਖਰੇ, ਉੱਥੇ ਹੀ ਜੁਝਾਰਵਾਦੀ ਕਵੀ ਪਾਸ਼ ਦੇ ਜੀਵਨ ਅਤੇ ਫ਼ਲਸਫ਼ੇ 'ਤੇ ਡੂੰਘੀ ਚਰਚਾ ਕੀਤੀ ਗਈ।
ਸਮਾਗਮ ਦਾ ਆਗਾਜ਼ ਕਰਦਿਆਂ ਇੰਦਰਜੀਤ ਸਿੰਘ ਧਾਮੀ ਨੇ ਕ੍ਰਾਂਤੀਕਾਰੀ ਕਵੀ ਪਾਸ਼ ਦੀ ਕਵਿਤਾ, ਉਸ ਦੇ ਜੀਵਨ ਸੰਘਰਸ਼ ਅਤੇ ਸਮਾਜਿਕ ਚੇਤਨਾ ਬਾਰੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਪ੍ਰੋ. ਕਸ਼ਮੀਰਾ ਸਿੰਘ ਨੇ ਪਾਸ਼ ਦੀ ਵਿਚਾਰਧਾਰਾ ਅਤੇ ਨਕਸਲਬਾੜੀ ਲਹਿਰ ਦੇ ਦੌਰ ਦੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਪਾਸ਼ ਦੀ ਲੇਖਣੀ ਅੱਜ ਦੇ ਦੌਰ ਵਿੱਚ ਵੀ ਕਿੰਨੀ ਪ੍ਰਾਸੰਗਿਕ ਹੈ। ਹਾਜ਼ਰ ਬੁੱਧੀਜੀਵੀਆਂ ਨੇ ਵੀ ਇਸ ਚਰਚਾ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਮੀਟਿੰਗ ਦਾ ਦੂਜਾ ਪੜਾਅ ਬੇਹੱਦ ਦਿਲਚਸਪ ਰਿਹਾ, ਜਿਸ ਵਿੱਚ ਵੱਖ-ਵੱਖ ਸ਼ਾਇਰਾਂ ਨੇ ਆਪਣੀਆਂ ਤਾਜ਼ਾ ਰਚਨਾਵਾਂ ਨਾਲ ਹਾਜ਼ਰੀ ਲਵਾਈ। ਕਾਵਿ-ਮਹਿਫ਼ਲ ਵਿੱਚ ਸੁਖਦੇਵ ਸਿੰਘ ਸੰਧੂ, ਸ਼ਾਨ ਗਿੱਲ, ਮੋਹਣ ਸਿੰਘ ਗਿੱਲ, ਦਰਸ਼ਨ ਸੰਘਾ, ਹਰਜਿੰਦਰ ਚੀਮਾ ਅਤੇ ਵੀਤ ਬਾਦਸ਼ਾਹਪੁਰੀ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਮਾਹੌਲ ਨੂੰ ਸਾਹਿਤਕ ਰੰਗ ਵਿੱਚ ਰੰਗ ਦਿੱਤਾ।
ਇਸ ਦੇ ਨਾਲ ਹੀ ਨਰਿੰਦਰ ਬਾਹੀਆ, ਮਹਿੰਦਰਪਾਲ ਸਿੰਘ ਪਾਲ, ਹਰਭਜਨ ਗਿੱਲ (ਕਾਮਾਗਾਟਾਮਾਰੂ), ਕਵਿੰਦਰ ਚਾਂਦ, ਗੁਰਮੀਤ ਕਾਲਕਟ, ਰਣਜੀਤ ਨਿੱਝਰ, ਕ੍ਰਿਸ਼ਨ ਬੈਕਟਰ, ਸੁਖਦੇਵ ਦਰਦੀ, ਬਲਜਿੰਦਰ ਸੰਧੂ, ਨਿਰਮਲ ਗਿੱਲ, ਕਸ਼ਮੀਰਾ ਸਿੰਘ ਗਿੱਲ, ਅਨਿਲ ਜੋਸ਼ੀ, ਜਸਵੀਰ ਸਿੰਘ ਭਲੂਰੀਆ, ਮਨਜੀਤ ਬੇਦੀ, ਸੁਖਪ੍ਰੀਤ ਸਿੰਘ ਦੌਲਤ, ਸੁਖਬੀਰ ਸਿੰਘ ਮੋਹਾਲੀ ਅਤੇ ਬਲਵਿੰਦਰ ਰੋਡੇ ਨੇ ਵੱਖ ਵੱਖ ਵਿਸ਼ਿਆਂ 'ਤੇ ਅਧਾਰਿਤ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖੂਬ ਦਾਦ ਹਾਸਲ ਕੀਤੀ। ਸਮੁੱਚੇ ਪ੍ਰੋਗਰਾਮ ਦਾ ਸਟੇਜ ਸੰਚਾਲਨ ਇੰਦਰਜੀਤ ਸਿੰਘ ਧਾਮੀ ਨੇ ਬਾਖੂਬੀ ਕੀਤਾ।
- Download Babushahi App
-
-