ਜੀ.ਜੀ.ਐੱਨ ਖਾਲਸਾ ਕਾਲਜ ਲੁਧਿਆਣਾ 'ਚ ਪ੍ਰਵਾਸ ਦਾ 45ਵਾਂ ਅੰਕ ਲੋਕ ਅਰਪਣ
ਪ੍ਰਵਾਸੀ ਲੇਖਕ ਬਦੇਸ਼ਾਂ ਦੀ ਬਦਲਦੀ ਸਮਾਜਿਕ ਆਰਥਿਕ ਤੇ ਸੱਭਿਆਚਾਰਕ ਤਸਵੀਰ ਵੀ ਸਾਹਿੱਤ ਵਿੱਚ ਪੇਸ਼ ਕਰਨ- ਡਾ. ਸ ਪ ਸਿੰਘ
ਲੁਧਿਆਣਾ, 9 ਅਕਤੂਬਰ 2025- ਪਰਵਾਸੀ ਸਾਹਿਤ ਅਧਿਐਨ ਕੇਂਦਰ, ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵੱਲੋਂ ਅੱਜ “ਪਰਵਾਸ” ਪੱਤ੍ਰਿਕਾ ਦਾ 45ਵਾਂ ਅੰਕ ਲੋਕ ਅਰਪਿਤ ਕੀਤਾ ਗਿਆ। ਜਿਸ ਵਿੱਚ ਪੰਜਾਬ ਭਵਨ, ਸਰੀ ਦੇ ਸੰਸਥਾਪਕ ਤੇ ਉੱਘੇ ਸਮਾਜ-ਸੇਵੀ ਸ੍ਰੀ ਸੁੱਖੀ ਬਾਠ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਪ੍ਰਧਾਨ, ਲੋਕ ਵਿਰਾਸਤ ਅਕਾਡਮੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ‘ਤੇ ਜੀ ਆਇਆ ਕਿਹਾ ਤੇ ਉਨ੍ਹਾਂ ਅਜੋਕੇ ਸੰਦਰਭ ਵਿੱਚ ਪਰਵਾਸੀਆਂ ਦੇ ਰੁਜ਼ਗਾਰ ਵਸੇਬੇ ਤੇ ਸਾਹਿਤ ਨਾਲ ਜੁੜੇ ਮਸਲਿਆਂ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਸਾਹਿਤ ਤੇ ਸਮਾਜ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀਆਂ ਕਦਰਾਂ ਕੀਮਤਾਂ ਨਾਲ ਜੋੜਨ। ਉਨ੍ਹਾਂ ਨੇ ਇਸ ਗੱਲ ‘ਤੇ ਦੁੱਖ ਪ੍ਰਗਟ ਕੀਤਾ ਕਿ ਅਸੀਂ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਕਿਰਤ ਨਾਲੋਂ ਤੋੜ ਦਿੱਤਾ ਹੈ। ਜੇਕਰ ਵਿਦਿਆਰਥੀ ਆਪਣੇ ਵਿਦਿਆ ਮੰਦਰ ਵਿੱਚ ਕੋਈ ਕੰਮ ਕਰਦੇ ਹਨ ਤਾਂ ਮੀਡੀਆ ਇਸ ਨੂੰ ਨਕਾਰਤਮਕਤਾ ਨਾਲ ਪੇਸ਼ ਕਰਦਾ ਹੈ। ਉਨ੍ਹਾਂ ਨੇ ਪੰਜਾਬ ਭਵਨ, ਸਰੀ ਦੇ ਮਿਸ਼ਨ, ਨਵੀਆਂ ਕਲਮਾਂ, ਨਵੀਂ ਉਡਾਣ ਦੀ ਸ਼ਲਾਘਾ ਵੀ ਕੀਤੀ।
ਪੰਜਾਬ ਭਵਨ ਸਰੀ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਨੇ ਇਸ ਮੌਕੇ ਆਪਣੇ ਇਸ ਮਿਸ਼ਨ ਬਾਰੇ ਤੇ ਭਵਿੱਖ ਦੀਆਂ ਨਾਲ ਸਾਹਿਤ ਨੂੰ ਲੈ ਕੇ ਕੁਝ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਪੰਜਾਬ ਭਵਨ, ਸਰੀ ਪਰਵਾਸੀ ਸਾਹਿਤ ਅਧਿਐਨ ਕੇਂਦਰ ਨਾਲ ਮਿਲ ਕੇ ਸਾਹਿਤਕ ਪ੍ਰੋਗਰਾਮ ਵੀ ਕਰੇਗਾ। ਇਸ ਮੌਕੇ ਨਵੀਆਂ ਕਲਮਾਂ, ਨਵੀਂ ਉਡਾਣ ਮਿਸ਼ਨ ਦੇ ਤਹਿਤ ਲੁਧਿਆਣੇ ਜ਼ਿਲੇ ਬਾਲ ਕਵੀ ਹਰਮੋਹਨ ਭੱਟੀ, ਗੁਰਸਵਰਨ ਕੌਰ, ਮਨਦੀਪ ਕੌਰ, ਤਰਨਜੀਤ ਕੌਰ, ਅਰਸ਼ਦੀਪ ਕੌਰ, ਨੀਲਮ ਤੇ ਸਹਿਜ ਨੇ ਆਪਣੀਆਂ ਲਿਖੀਆਂ ਕਵਿਤਾਾਵਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ। ਡਾ. ਗੁਰਇਕਬਾਲ ਸਿੰਘ ਨੇ ਇਸ ਸਮੇਂ ਕਿਹਾ ਕਿ ਪਰਵਾਸੀ ਪੰਜਾਬੀ ਲੇਖਕ ਜਿਨ੍ਹਾਂ ਮੁਲਕਾਂ ਵਿਚ ਰਹਿ ਰਹੇ ਹਨ, ਵਿਚਰ ਰਹੇ ਹਨ, ਜਿਨ੍ਹਾਂ ਪ੍ਰਸਥਿਤੀਆਂ ਨਾਲ ਵਾ-ਬਾਸਤਾ ਹਨ, ਉਸਦੀ ਗੱਲ਼ ਸਾਹਿਤ ਵਿੱਚ ਨਹੀਂ ਕਰ ਰਹੇ ਬਲਕਿ ਜਿਹੜਾ ਪੰਜਾਬ ਉਨ੍ਹਾਂ ਦੇ ਅਵਚੇਤਨ ਵਿਚ ਵੱਸਿਆ ਹੋਇਆ ਉਸ ਦੇ ਵੀ ਬਦਲਦੇ ਮੁਹਾਂਦਰੇ ਨੂੰ ਉਹ ਆਤਮਸਾਤ ਨਹੀਂ ਕਰ ਰਹੇ।
ਪ੍ਰੋ. ਸ਼ਰਨਜੀਤ ਕੌਰ, ਹੈਡ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਲੋਕ ਅਰਪਨ ਹੋਏ ਪਰਵਾਸ ਦੇ ਅੰਕ ਦੀ ਸਮੱਗਰੀ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਪ੍ਰੋ. ਰਜਿੰਦਰ ਕੌਰ ਮਲਹੋਤਰਾ ਨੇ ਪ੍ਰੋਗਰਾਮ ਦੇ ਅਖੀਰ ‘ਤੇ ਸਭ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ ਤੇ ਬਾਲ ਕਵੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ, ਕੋਆਰਡੀਨੇਟਰ, ਪਰਵਾਸੀ ਅਧਿਐਨ ਕੇਂਦਰ ਵੱਲੋਂ ਕੀਤਾ ਗਿਆ। ਇਸ ਮੌਕੇ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਸ੍ਰ. ਹਰਸ਼ਰਨ ਸਿੰਘ ਨਰੂਲਾ, ਪ੍ਰੋ. ਮਨਜੀਤ ਸਿੰਘ ਛਾਬੜਾ, ਪ੍ਰੋ.ਰਵਿੰਦਰ ਸਿੰਘ ਭੱਠਲ, ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਬਾਲ ਕਵੀਆਂ ਦੇ ਅਧਿਆਪਕ ਤੇ ਮਾਪੇ ਵੀ ਹਾਜ਼ਰ ਰਹੇ। ਬੱਚਿਆਂ ਨੂੰ ਪਰਵਾਸੀ ਕੇਂਦਰ ਵੱਲੋਂ ਸਨਮਾਨ ਚਿੰਨ ਤੇ ਪਰਵਾਸੀ ਮੈਗਜ਼ੀਨ ਦੀ ਕਾਪੀ ਦੇ ਕੇ ਸਨਮਾਨਿਤ ਕੀਤਾ ਗਿਆ।