ਵਰਚੁਅਲ ਕਿਸਾਨ ਮੇਲੇ ਵਿੱਚ ਸ਼ਮੂਲੀਅਤ ਕਰਦੇ ਹੋਏ ਵਿਧਾਇਕ ਨੱਥੂ ਰਾਮ , ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਅਤੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ
ਜਗਦੀਸ਼ ਥਿੰਦ
ਫਾਜ਼ਿਲਕਾ, 18 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਦੋ ਦਿਨਾਂ ਛਿਮਾਹੀ ਕਿਸਾਨ ਮੇਲੇ ਦਾ ਉਦਘਾਟਨ ਆਨ ਲਾਈਨ ਕੀਤਾ। ਇਸ ਵਾਰ ਇਹ ਮੇਲਾ ਆਨ ਲਾਇਨ ਵਰਚੁਅਲ ਪਲੇਟਫਾਰਮ ਤੇ ਹੋ ਰਿਹਾ ਹੈ। ਰਾਜ ਭਰ ਦੇ ਕਿਸਾਨਾਂ ਨੇ ਇਸ ਨੂੰ ਆਨ ਲਾਈਨ ਵੇਖਿਆ। ਜ਼ਿਲਾ ਸਦਰ ਮੁਕਾਮ ਤੋਂ ਵੀ ਵਿਧਾਇਕ ਸ੍ਰੀ ਨੱਥੂ ਰਾਮ ਅਤੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਸਮੇਤ ਜ਼ਿਲੇ ਦੇ ਪ੍ਰਗਤੀਸ਼ੀਲ ਕਿਸਾਨ ਇਸ ਮੇਲੇ ਨਾਲ ਆਨ ਲਾਈਨ ਜੁੜੇ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਸੰਬੋਧਨ ਦੌਰਾਨ ਪੰਜਾਬ ਵੱਲੋਂ ਦੇਸ਼ ਨੂੰ ਅਨਾਜ ਪੈਦਾਵਾਰ ਵਿਚ ਆਤਮ ਨਿਰਭਰ ਬਣਾਉੁਣ ਲਈ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੀ ਹਰੇ ਇਨਕਲਾਬ ਵਿਚ ਭੁਮਿਕਾ ਦੀ ਸਲਾਘਾ ਕੀਤੀ। ਇਸ ਮੌਕੇ ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਦਾ ਪੰਜਾਬ ਦੀ ਖੇਤੀਬਾੜੀ ਤੇ ਮਾੜਾ ਅਸਰ ਪਵੇਗਾ। ਉਨਾਂ ਨੇ ਇਸ ਮੌਕੇ ਕਿਸਾਨਾਂ ਨੂੰ ਯੁਨੀਵਰਸਿਟੀ ਦੀਆਂ ਸ਼ਿਫਾਰਸਾਂ ਅਨੁਸਾਰ ਖੇਤੀ ਕਰਨ ਦੀ ਅਪੀਲ ਵੀ ਕੀਤੀ।
ਲੁਧਿਆਣਾ ਤੋਂ ਇਸ ਮੇਲੇ ਵਿਚ ਆਨਲਾਈਨ ਜੁੜੇ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਦੀ ਅੰਨ ਜਾਂ ਪੋਸ਼ਣ ਸੁਰੱਖਿਆ ਤਾਂਹੀ ਸੰਭਵ ਹੈ ਜੇਕਰ ਕਿਸਾਨ ਦੀ ਆਰਥਿਕ ਸੁਰੱਖਿਆ ਹੋਵੇਗੀ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਲਈ ਕਿਸਾਨ ਅਤੇ ਖੇਤੀ ਸੈਕਟਰ ਪ੍ਰਮੁੱਖ ਤਰਜੀਹ ਹੈ। ਉਨਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਕਾਨੂੰਨ ਕਿਸਾਨਾਂ ਨੂੰ ਮੁੜ ਤੋਂ ਕੰਪਨੀਆਂ ਦੇ ਮੁਜਾਹਰੇ ਬਣਾ ਦੇਣਗੇ।
ਵਿਧਾਇਕ ਸ੍ਰੀ ਨੱਥੂ ਰਾਮ ਨੇ ਕਿਹਾ ਕਿ ਇਹ ਇਕ ਚੰਗਾ ਸਾਧਨ ਹੈ ਜਿਸ ਨਾਲ ਕਿਸਾਨ ਆਨਲਾਈਨ ਮੇਲਾ ਵੇਖ ਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਣਗੇ। ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਲਗਾਤਾਰ ਖੇਤੀਬਾੜੀ ਮਹਿਕਮੇ ਨਾਲ ਰਾਬਤਾ ਰੱਖਣ।
ਇਸ ਮੌਕੇ ਲੁਧਿਆਣਾ ਤੋਂ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਅਤੇ ਸ੍ਰੀ ਗੁਰੂ ਅੰਗਦ ਦੇਵ ਵੈਟਰਨਰੀ ਯੁਨੀਵਰਸਿਟੀ ਦੇ ਵਾਇਸਚਾਂਸਲਰ ਡਾ: ਇੰਦਰਜੀਤ ਨੇ ਕਿਸਾਨਾਂ ਨੂੰ ਯੁਨੀਵਰਸਿਟੀ ਦੀਆਂ ਖੋਜਾਂ, ਪਸਾਰ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਖੇਤੀ ਦਾ ਹੰਢਣਸਾਰ ਮਾਡਲ ਅਪਨਾਉਣ ਦੀ ਲੋੜ ਤੇ ਜੋਰ ਦਿੱਤਾ। ਉਨਾਂ ਨੇ ਦੱਸਿਆ ਕਿ ਕਿਸਾਨ ਫੋਨ ਨੰਬਰ 18001805100 ਤੇ ਮਿਸ ਕਾਲ ਕਰਕੇ ਪੰਜਾਬ ਖੇਤੀਬਾੜੀ ਯੁਨੀਵਰਿਸਟੀ ਨਾਲ ਜੁੜ ਸਕਦੇ ਹਨ। ਕਿਸਾਨ ਪੀਏਯੂ ਦੇ ਯੂਟਿਊਬ ਚੈਨਲ ਤੇ ਇਹ ਕਿਸਾਨ ਮੇਲਾ ਵੇਖ ਸਕਦੇ ਹਨ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਜ਼ਿਲਾ ਖੇਤੀਬਾੜੀ ਅਫ਼ਸਰ ਸ: ਸੁਰਿੰਦਰ ਸਿੰਘ, ਖੇਤੀਬਾੜੀ ਅਫ਼ਸਰ ਭੁਪਿੰਦਰ ਕੁਮਾਰ ਅਤੇ ਪਰਮਿੰਦਰ ਸਿੰਘ ਵੀ ਹਾਜਰ ਸਨ। ਫਾਜ਼ਿਲਕਾ ਤੋਂ ਬਿਨਾਂ ਅਬੋਹਰ ਦੇ ਪਿੰਡ ਕਿਲਿਆਂ ਵਾਲੀ ਅਤੇ ਜਲਾਲਾਬਾਦ ਤੋਂ ਵੀ ਉਪਮੰਡਲ ਪੱਧਰ ਦੇ ਸਮਾਗਮਾਂ ਰਾਹੀਂ ਕਿਸਾਨ ਇਸ ਆਨਲਾਈਨ ਮੇਲੇ ਦਾ ਹਿੱਸਾ ਬਣੇ।