ਫਿਰੋਜ਼ਪੁਰ 17 ਸਤੰਬਰ 2020 : ਲੜਕੀ ਦੀ ਮਰਜ਼ੀ ਦੇ ਬਿਨ੍ਹਾ ਉਸ ਨਾਲ ਵਿਆਹ ਕਰਵਾਉਣ ਲਈ ਲਿਜਾਣ ਵਾਲਿਆਂ ਖਿਲਾਫ ਥਾਣਾ ਮੱਖੂ ਦੀ ਪੁਲਿਸ ਨੇ 366, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਜੋ ਘਰੇਲੂ ਸਮਾਨ ਲੈਣ ਲਈ ਕਰਿਆਨਾ ਦੀ ਦੁਕਾਨ 'ਤੇ ਗਈ ਸੀ ਤਾਂ ਦੋਸ਼ੀਅਨ ਅਜੈਪਾਲ ਉਰਫ ਰਾਜ ਪੁੱਤਰ ਪੱਪੂ ਵਾਸੀ ਸ਼ੇਰ ਮੁਹੰਮਦ ਜ਼ਿਲ੍ਹਾ ਫਾਜ਼ਿਲਕਾ, ਪ੍ਰਵੀਨ ਪਤਨੀ ਬੱਬੂ ਪੁੱਤਰ ਦੇਸਾ, ਬੱਬੂ ਪੁੱਤਰ ਦੇਸਾ ਵਾਸੀਅਨ ਪਿੰਡ ਬੱਗੇ ਕੇ ਮੋੜ, ਅਮਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਕਾਲੂ ਮੰਡੀ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਅਤੇ 3 ਅਣਪਛਾਤੇ ਜਿਨ੍ਹਾਂ ਪਾਸ ਮੋਟਰਸਾਈਕਲ ਸਨ, ਉਸ ਦੀ ਲੜਕੀ ਨੂੰ ਦੋਸ਼ੀ ਅਜੈਪਾਲ ਉਰ ਫਰਾਜ ਨਾਲ ਜਬਰਦਸਤੀ ਲੜਕੀ ਦੀ ਮਰਜ਼ੀ ਦੇ ਬਿਨ੍ਹਾਂ ਵਿਆਹ ਕਰਨ ਲਈ ਮਜ਼ਬੂਰ ਕਰਕੇ ਲੈ ਗਏ।
ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਨੂੰ ਵਾਪਸ ਕਰਨ ਲਈ ਪੰਚਾਇਤੀ ਤੌਰ ਤੇ ਗੱਲ ਕੀਤੀ ਪਰ ਦੋਸ਼ੀਅਨ ਨੇ ਸਾਜਿਸ਼ ਤੇ ਮਿਲੀਭੁਗਤ ਕਾਰਨ ਲੜਕੀ ਨੂੰ ਮਜ਼ਬੂਰਨ ਵਿਆਹ ਕਰਵਾਉਣ ਲਈ ਰੱਖਿਆ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।