ਲੋਕੇਸ਼ ਰਿਸ਼ੀ
- ਜ਼ਿਲ੍ਹੇ ਦੇ 14539 ਸ਼ੱਕੀ ਵਿਅਕਤੀਆਂ ਵਿਚੋਂ 13847 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ
ਗੁਰਦਾਸਪੁਰ, 1 ਜੁਲਾਈ 2020 - ਜ਼ਿਲ੍ਹਾ ਗੁਰਦਾਸਪੁਰ ਵਿਖੇ ਇੱਕ ਹੋਰ 45 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਵਾਇਰਸ ਕਾਰਨ ਕੁੱਲ ਮੌਤਾਂ ਦਾ ਅੰਕੜਾ 5 ਤੱਕ ਪਹੁੰਚ ਚੁੱਕਾ ਹੈ। ਮਿਰਤਕ ਦੀ ਪਹਿਚਾਣ ਕਾਲਾ ਸਿੰਘ ਵਾਸੀ ਪਿੰਡ ਅੰਮੋਨੰਗਲ ਨਜ਼ਦੀਕ ਬਟਾਲਾ ਦੇ ਰੂਪ ਵਿੱਚ ਦੱਸੀ ਜਾ ਰਹੀ ਹੈ। ਜਿਸ ਦਾ ਇਲਾਜ ਅੰਮ੍ਰਿਤਸਰ ਦੇ ਜੀ.ਐਮ.ਸੀ ਹਸਪਤਾਲ ਵਿਖੇ ਚੱਲ ਰਿਹਾ ਸੀ। ਇਸ ਦੇ ਨਾਲ ਹੀ ਮੌਜੂਦਾ ਸਮੇਂ ਦੌਰਾਨ ਜ਼ਿਲ੍ਹੇ ਭਰ ਵਿਖੇ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਸੰਖਿਆ 35 ਤੱਕ ਪਹੁੰਚ ਚੁੱਕੀ ਹੈ ਅਤੇ ਇਹ ਸਾਰੇ ਮਰੀਜ਼ ਜ਼ਿਲ੍ਹਾ ਗੁਰਦਾਸਪੁਰ ਤੋਂ ਇਲਾਵਾ ਫ਼ਰੀਦਕੋਟ, ਅਮ੍ਰਿਤਸਰ ਅਤੇ ਜਲੰਧਰ ਵਰਗੇ ਸ਼ਹਿਰਾਂ ਦੇ ਆਸੋਲੇਸ਼ਨ ਸੈਂਟਰਾਂ ਵਿਖੇ ਰੱਖੇ ਗਏ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 192 ਕੋਰੋਨਾ ਪੀੜਤਾਂ ਨੇ ਕੋਰੋਨਾ 'ਤੇ ਫ਼ਤਿਹ ਹਾਸਿਲ ਕੀਤੀ ਹੈ। ਜਿਨ੍ਹਾਂ ਵਿਚ 173 ਪੀੜਤ ਠੀਕ ਹੋਏ ਹਨ ਅਤੇ 19 ਪੀੜਤਾਂ ਨੂੰ ਘਰਾਂ ਵਿਚ ਆਈਸ਼ੋਲੇਸ਼ਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ 14539 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 13847 ਨੈਗਵਿਟ, 232 ਪੋਜਟਿਵ ਮਰੀਜ਼, 492 ਪੈਂਡਿੰਗ ਹਨ । ਉਨ੍ਹਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਖੇ 06, ਬਟਾਲਾ ਵਿਖੇ 16, ਅੰਮ੍ਰਿਤਸਰ ਵਿਖੇ 02, ਫ਼ਰੀਦਕੋਟ ਵਿਖੇ 01, ਮੈਰੀਟੋਰੀਅਸ ਸਕੂਲ ਜਲੰਧਰ ਵਿਖੇ 03 ਦਾਖਲ ਹਨ, ਚਿੰਤਪੁਰਨੀ ਮੈਡੀਕਲ ਕਾਲਜ. ਪਠਾਨਕੋਟ ਵਿਖੇ 06, ਲੁਧਿਆਣਾ ਵਿਖੇ 01 ਅਤੇ 05 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 05 ਵਿਅਕਤੀਆਂ ਦੀ ਹੋਈ ਮੌਤ ਵਿਚ ਅੱਜ ਪਿੰਡ ਅੰਮੋਨੰਗਲ ਨੇੜੇ ਬਟਾਲਾ ਦਾ ਵਸਨੀਕ ਜੋ ਅੰਮ੍ਰਿਤਸਰ ਵਿਖੇ ਦਾਖਲ ਸੀ ਅਤੇ ਉਹਦੀ ਮੌਤ ਹੋ ਗਈ ਹੈ, ਸ਼ਾਮਿਲ ਹੈ। ਜ਼ਿਲ੍ਹੇ ਵਿਚ 35 ਐਕਟਿਵ ਕੋਰੋਨਾ ਪੀੜਤ ਹਨ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ 'ਮਿਸ਼ਨ ਫ਼ਤਿਹ' ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾਵੇ। ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸ ਮੈਨਟੇਨ ਕਰਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਖ਼ਿਲਾਫ਼ ਜੰਗ ਨੂੰ ਸੂਬੇ ਭਰ ਵਿੱਚ ਜ਼ਮੀਨੀ ਪੱਧਰ ਤੱਕ ਲੈ ਜਾਣ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫ਼ਤਿਹ' ਤਹਿਤ ਇਸ ਮਹਾਂਮਾਰੀ ਬਾਰੇ ਲੋਕਾਂ ਵਿੱਚ ਵਿਆਪਕ ਪੱਧਰ ਉੱਤੇ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਤੇ ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਵਿਰੁੱਧ ਲੜੀ ਜਾ ਰਹੀ ਲੜਾਈ ਜਿੱਤੀ ਜਾਵੇਗੀ।