AI Photo
ਲੁਧਿਆਣਾ 'ਚ 24x7 ਜਲ ਸਪਲਾਈ ਪ੍ਰੋਜੈਕਟ ਦੌਰਾਨ ਪੁੱਟੀਆਂ ਸੜਕਾਂ ਬਣੀਆਂ ਜਾਨ ਦਾ ਖ਼ਤਰਾ, ਸਮਾਜਿਕ ਕਾਰਕੁਨਾਂ ਨੇ ਪ੍ਰਧਾਨ ਮੰਤਰੀ ਤੋਂ ਮੰਗੀ ਸੁਤੰਤਰ ਜਾਂਚ
ਸੁਖਮਿੰਦਰ ਭੰਗੂ
ਲੁਧਿਆਣਾ, 4 ਅਕਤੂਬਰ 2026- ਵਿਸ਼ਵ ਬੈਂਕ ਦੀ ਸਹਾਇਤਾ ਨਾਲ ਚੱਲ ਰਹੇ 24x7 ਜਲ ਸਪਲਾਈ ਪ੍ਰੋਜੈਕਟ ਦੌਰਾਨ ਸ਼ਹਿਰ ਦੀਆਂ ਸੜਕਾਂ ਦੀ ਬੇਹਾਲ ਹਾਲਤ ਨੂੰ ਲੈ ਕੇ ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਅਤੇ ਜਸਵਿੰਦਰ ਸਿੰਘ ਸ਼ੰਮੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਤੁਰੰਤ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਪ੍ਰੋਜੈਕਟ ਅਧੀਨ ਹੋ ਰਹੇ ਕੰਮਾਂ ਦਾ ਸੁਤੰਤਰ ਨਿਰੀਖਣ ਅਤੇ ਆਡਿਟ ਕਰਵਾਉਣ ਦੀ ਅਪੀਲ ਕੀਤੀ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰੋਜੈਕਟ ਦਾ ਉਦੇਸ਼ ਸ਼ਹਿਰ ਨੂੰ ਦਿਨ-ਰਾਤ ਪਾਈਪਾਂ ਰਾਹੀਂ ਪਾਣੀ ਦੇਣਾ ਸ਼ਲਾਘਾਯੋਗ ਹੈ, ਪਰ ਕੰਮ ਦਾ ਢੰਗ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਕਾਰਕੁਨਾਂ ਮੁਤਾਬਕ ਨਿਯਮਾਂ ਅਨੁਸਾਰ ਸੜਕ ਦਾ ਸੀਮਤ ਹਿੱਸਾ ਪੁੱਟ ਕੇ ਪਾਈਪ ਵਿਛਾਉਣ ਅਤੇ ਸੜਕ ਬਹਾਲ ਕਰਨ ਤੋਂ ਬਾਅਦ ਹੀ ਅਗਲਾ ਹਿੱਸਾ ਖੋਲ੍ਹਣਾ ਚਾਹੀਦਾ ਹੈ, ਪਰ ਕਈ ਥਾਵਾਂ 'ਤੇ ਲੰਬੇ ਹਿੱਸੇ ਇੱਕੋ ਸਮੇਂ ਪੁੱਟੇ ਗਏ ਜਾਪਦੇ ਹਨ। ਉਨ੍ਹਾਂ ਦੀ ਸਮਝ ਅਨੁਸਾਰ ਸ਼ਹਿਰ ਵਿੱਚ ਲਗਭਗ 20 ਕਿਲੋਮੀਟਰ ਸੜਕਾਂ ਪ੍ਰਭਾਵਿਤ ਹਨ।
ਉਨ੍ਹਾਂ ਦੱਸਿਆ ਕਿ ਪੁੱਟੀਆਂ ਸੜਕਾਂ ਲਗਭਗ 15 ਦਿਨਾਂ ਵਿੱਚ ਬਹਾਲ ਕਰਨ ਦੀ ਗੱਲ ਆਖੀ ਗਈ ਸੀ, ਪਰ ਕਈ ਥਾਵਾਂ 'ਤੇ ਮੁਰੰਮਤ ਵਿੱਚ ਕਥਿਤ ਤੌਰ 'ਤੇ ਦੇਰੀ ਹੋਈ ਹੈ ਜਾਂ ਕੰਮ ਨਾਕਾਫ਼ੀ ਰਿਹਾ ਹੈ। ਇਸ ਕਾਰਨ ਡੂੰਘੇ ਟੋਏ, ਨਾ ਪੱਧਰੀ ਸਤਹ ਅਤੇ ਢਿੱਲੀ ਮਿੱਟੀ ਬਣੀ ਹੋਈ ਹੈ। ਵਸਨੀਕਾਂ ਅਨੁਸਾਰ ਵਾਹਨ ਫਸ ਰਹੇ ਹਨ, ਸਕੂਲੀ ਬੱਸਾਂ ਨੂੰ ਮੁਸ਼ਕਲ ਆ ਰਹੀ ਹੈ, ਦੋਪਹੀਆ ਵਾਹਨ ਚਾਲਕ ਸੰਤੁਲਨ ਗੁਆ ਰਹੇ ਹਨ ਅਤੇ ਕਈ ਥਾਵਾਂ 'ਤੇ ਹਾਦਸੇ ਜਾਂ ਵਾਲ-ਵਾਲ ਬਚਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਸਮਾਜਿਕ ਕਾਰਕੁਨ੍ਹਾਂ ਨੇ ਮੰਗ ਕੀਤੀ ਹੈ ਕਿ, ਪ੍ਰਵਾਨਿਤ ਸ਼ਰਤਾਂ ਅਤੇ ਸੜਕ-ਕੱਟਣ ਵਿਧੀ ਦੀ ਪਾਲਣਾ ਦੀ ਪੁਸ਼ਟੀ, ਪੁੱਟੀਆਂ ਸੜਕਾਂ ਦੀ ਅਸਲ ਲੰਬਾਈ ਅਤੇ ਬਹਾਲੀ ਦੇ ਰਿਕਾਰਡ ਦੀ ਜਾਂਚ ਬੈਰੀਕੇਡਿੰਗ, ਚੇਤਾਵਨੀ ਚਿੰਨ੍ਹ, ਰੋਸ਼ਨੀ ਅਤੇ ਆਵਾਜਾਈ ਪ੍ਰਬੰਧਾਂ ਦਾ ਨਿਰੀਖਣ, ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰਾਂ ਜਾਂ ਨਿਗਰਾਨ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨਾ, ਖਰਾਬ ਸੜਕਾਂ ਦੀ ਤੁਰੰਤ ਅਤੇ ਗੁਣਵੱਤਾ ਵਾਲੀ ਮੁਰੰਮਤ ਪਹਿਲਾਂ ਪੁੱਟਿਆ ਹਿੱਸਾ ਬਹਾਲ ਕੀਤੇ ਬਿਨਾਂ ਨਵੀਂ ਸੜਕ ਨਾ ਪੁੱਟੀ ਜਾਵੇ ਆਦਿ ਹਨ। ਕਾਰਕੁਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਲੁਧਿਆਣਾ ਵਾਸੀਆਂ ਦੀ ਭਲਾਈ ਲਈ ਹੈ, ਇਸ ਲਈ ਇਸ ਨੂੰ ਪਾਰਦਰਸ਼ਤਾ, ਸਖ਼ਤ ਨਿਗਰਾਨੀ ਅਤੇ ਜਨਤਕ ਸੁਰੱਖਿਆ ਨੂੰ ਪਹਿਲ ਦੇ ਕੇ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਦੀ ਕੀਮਤ ਲੋਕਾਂ ਦੀ ਜਾਨ ਨਹੀਂ ਹੋਣੀ ਚਾਹੀਦੀ।
- Download Babushahi App
-
-