Big Update: ਅਧਿਆਪਕਾਂ ਦੀ ਘਾਟ ਦਾ ਮੁੱਦਾ ਚੁੱਕਣ 'ਤੇ AAP MLA ਸੁਖਵੀਰ ਸਿੰਘ ਮਾਈਸਰਖਾਨਾ ਪਾਰਟੀ 'ਚੋਂ ਮੁਅੱਤਲ
ਅਸ਼ੋਕ ਵਰਮਾ
ਬਠਿੰਡਾ, 3 ਅਕਤੂਬਰ 2026 : ਮੌੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਸ਼ਨਿੱਚਰਵਾਰ ਨੂੰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਅਧਿਆਪਕਾਂ ਦੀ ਘਾਟ ਦਾ ਮੁੱਦਾ ਉਠਾਇਆ ਹੈ ਜਿਸ ਤੋਂ ਬਾਅਦ ਮਾਈਸਰ ਖਾਨਾ ਨੂੰ ਪਾਰਟੀ ਚੋਂ ਮੁਅੱਤਲ ਕਰ ਦਿੱਤਾ ਗਿਆ ਹੈ।ਵਿਧਾਇਕ ਦਾ ਇਹ ਨਵੇਕਲਾ ਰੂਪ ਉਸ ਵਕਤ ਸਾਹਮਣੇ ਆਇਆ ਹੈ ਜਦੋਂ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ 'ਆਪ' ਸੁਖਵੀਰ ਸਿੰਘ ਮਾਈਸਰ ਖਾਨਾ ਦੀ ਥਾਂ ਕਿਸੇ ਹੋਰ ਨੂੰ ਉਮੀਦਵਾਰ ਬਣਾ ਸਕਦੀ ਹੈ। ਹਾਲ ਹੀ ਵਿੱਚ ਇੱਕ ਚੇਅਰਮੈਨ ਨੇ ਮੌੜ ਹਲਕੇ ਵਿੱਚ ਆਪਣਾ ਦਫਤਰ ਖੋਲਿਆ ਹੈ ਜਿਸ ਤੋਂ ਬਾਅਦ ਇਹ ਚੁੰਝ ਚਰਚਾ ਹੋਰ ਵੀ ਭਖ ਗਈ ਸੀ। ਹੈਰਾਨੀ ਵਾਲੀ ਗੱਲ ਹੈ ਕਿ ਲਗਾਤਾਰ ਸਾਢੇ ਚਾਰ ਸਾਲ ਚੁੱਪ ਰਹੇੇੇ ਮਾਈਸਰਖਾਨਾ ਵੱਲੋਂ ਅਚਾਨਕ ਲਾਈਵ ਹੋ ਕੇ ਆਪਣੀ ਸਰਕਾਰ ਨੂੰ ਘੇਰਨ ਦੇ ਬਾਵਜੂਦ ਉਨਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ ਤੇ ਲੋਕ ਪੋਸਟ ਕਰ ਰਹੇ ਹਨ ਕਿ ਇਨੇ ਸਾਲ ਵਿਧਾਇਕ ਨੇ ਭੇਦ ਭਰੀ ਚੁੱਪ ਕਿਉਂ ਧਾਰੀ ਰੱਖੀ ਹੈ।
ਆਪਣੀ ਲਾਈਵ ਵੀਡੀਓ ਦੌਰਾਨ ਮਾਈਸਰਖਾਨਾ ਕਾਫੀ ਭਾਵਕ ਨਜ਼ਰ ਆਏ ਅਤੇ ਇੱਕ ਵਾਰ ਤਾਂ ਉਹ ਰੋਂਦੇ ਦਿਖਾਈ ਦਿੱਤੇ।ਮਾਈਸਰਖਾਨਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਪਾਰਟੀ ਹਾਈਕਮਾਂਡ, ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕੋਲ ਵੀ ਉਠਾਇਆ ਸੀ, ਪਰ ਅਧਿਆਪਕਾਂ ਦੀ ਘਾਟ ਉਸੇ ਤਰ੍ਹਾਂ ਬਣੀ ਰਹੀ ਹੈ। ਮਾਈਸਰਖਾਨਾ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਆਪਣੇ ਹਲਕੇ ਦੇ ਸਕੂਲਾਂਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਵਾਰ-ਵਾਰ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਵਿਚ 'ਸਕੂਲ ਆਫ਼ ਐਮੀਨੈਂਸ' ਵੀ ਸ਼ਾਮਲ ਹੈ ਜਿੱਥੇ ਉਨ੍ਹਾਂ ਦੇ ਬੱਚੇ ਪੜ੍ਹਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਸਿੱਖਿਆ ਢਾਂਚੇ ਤੇ ਭਰੋਸਾ ਕਰਦਿਆਂ ਆਪਣੇ ਬੱਚਿਆਂ ਨੂੰ ਸਰਕਾਰ ਸਕੂਲ ਵਿੱਚ ਦਾਖਲ ਕਰਾਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਅਧਿਆਪਕ ਹੀ ਮੌਜੂਦ ਨਹੀਂ ਹਨ ਤਾਂ ਉਨ੍ਹਾਂ ਦੇ ਬੱਚਿਆਂ ਦਾ ਕੀ ਕਸੂਰ ਹੈ।
ਮਾਈਸਰਖਾਨਾ ਨੇ ਕਿਹਾ ਕਿ ਜਦੋਂ ਉਹ ਆਪਣੇ ਬੱਚਿਆਂ ਨੂੰ ਪੁੱਛਦੇ ਹਨ ਕਿ ਉਹਨਾਂ ਨੇ ਕੀ ਪੜਿਆ ਹੈ ਤਾਂ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਅਧਿਆਪਕਾਂ ਦੀ ਘਾਟ ਹੈ । ਉਨ੍ਹਾਂ ਕਿਹਾ ਕਿ ਜਦੋਂ ਪ੍ਰਿੰਸੀਪਲ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਮੈਨੂੰ ਸਟਾਫ ਪੂਰਾ ਕਰਨ ਲਈ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਮੇਰੇ ਬੱਚਿਆਂ ਦਾ ਕੀ ਕਸੂਰ ਹੈ?" ਉਨ੍ਹਾਂ ਕਿਹਾ ਕਿ ਉਹ ਇਹ ਕਹਿ ਕਹਿ ਕੇ ਥੱਕ ਗਏ ਹਨ ਕਿ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇ। ਮੈਂ ਇਸ ਮੁੱਦੇ ਨੂੰ ਵਾਰੀ ਵਾਰੀ ਉਠਾ ਕੇ ਅੱਕ ਗਿਆ ਹਾਂ। ਜੇ ਉਹ ਚਾਹੁਣ ਤਾਂ ਮੇਰੀ ਟਿਕਟ ਕੱਟ ਦੇਣ। ਮੈਂ ਅਸੂਲਾਂ ਵਾਲਾ ਬੰਦਾ ਹਾਂ। ਮੈਂ ਕਦੋਂ ਤੱਕ ਇਹ ਬਰਦਾਸ਼ਤ ਕਰ ਸਕਦਾ ਹਾਂ? ਇੱਕ ਵਿਧਾਇਕ ਦਾ ਇਹ ਹਾਲ ਹੈ... ਮੈਂ ਇਹ ਉਮੀਦ ਰੱਖ ਕੇ ਪਾਰਟੀ ਵਿੱਚ ਸ਼ਾਮਲ ਨਹੀਂ ਹੋਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੇਰੇ ਲਈ ਪਾਰਟੀ ਟਿਕਟ ਕੋਈ ਮੁੱਦਾ ਨਹੀਂ ਹੈ। ਮੈਂ ਲੋਕਾਂ ਲਈ ਲੜਦਾ ਰਹਾਂਗਾ ।ਉਨ੍ਹਾਂ ਕਿਹਾ, "ਮੈਂ ਆਪਣਾ ਸ ਦੁੱਖ ਲੈ ਕੇ ਹਾਈਕਮਾਂਡ ਕੋਲ ਗਿਆ ਸੀ। ਕੋਈ ਬੰਦਾ ਕਦੋਂ ਤੱਕ ਬਰਦਾਸ਼ਤ ਕਰ ਸਕਦਾ ਹੈ? ਹਰ ਗੱਲ ਦੀ ਇੱਕ ਹੱਦ ਹੁੰਦੀ ਹੈ।
ਉਨ੍ਹਾਂ ਕਿਹਾ ਕਿ "ਮੈਨੂੰ ਮੁੱਖ ਮੰਤਰੀ ਨੂੰ ਮਿਲਣ ਲਈ ਬੁਲਾਇਆ ਗਿਆ ਸੀ, ਪਰ ਉਹ ਮੈਨੂੰ ਮਿਲੇ ਵੀ ਨਹੀਂ... ਮੈਂ ਪਾਰਟੀ ਪ੍ਰਤੀ ਵਫ਼ਾਦਾਰ ਰਿਹਾ ਹਾਂ। ਪਾਰਟੀ ਨੇ ਮੇਰਾ ਨੁਕਸਾਨ ਕੀਤਾ ਹੈ ਅਤੇ ਹੁਣ ਇਸ ਕਾਰਨ ਮੇਰੇ ਬੱਚੇ ਵੀ ਦੁੱਖ ਝੱਲ ਰਹੇ ਹਨ।" ਉਨ੍ਹਾਂ ਕਿਹਾ, "ਬੱਚਿਆਂ ਦੀ ਪੜ੍ਹਾਈ ਤੋਂ ਵੱਧ ਜ਼ਰੂਰੀ ਕੀ ਹੈ? ਜੇ ਸਕੂਲਾਂ ਵਿੱਚ ਕੁਝ ਹੈ ਹੀ ਨਹੀਂ, ਤਾਂ ਫਿਰ ਲੋਕਾਂ ਤੋਂ ਵੋਟਾਂ ਮੰਗਣ ਦਾ ਕੀ ਫਾਇਦਾ?"ਮਾਈਸਰਖਾਨਾ ਨੇ ਇਹ ਵੀ ਕਿਹਾ ਕਿ ਉਹ ਬੋਲਣ ਕਾਰਨ ਆਪਣੇ ਖਿਲਾਫ ਹੋਣ ਵਾਲੀ ਕਿਸੇ ਵੀ ਕਾਰਵਾਈ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ, "ਮੈਂ ਅਜਿਹੇ ਦਬਾਅ ਤੋਂ ਨਹੀਂ ਡਰਦਾ। ਭਾਵੇਂ ਤੁਸੀਂ ਮੈਨੂੰ ਜੇਲ੍ਹ ਵਿੱਚ ਪਾ ਦਿਓ, ਮੈਂ ਬਾਹਰ ਨਹੀਂ ਆਵਾਂਗਾ। ਮੈਂ ਉੱਥੇ ਹੀ ਰਹਾਂਗਾ। ਮੈਂ ਆਪਣੇ ਬੱਚਿਆਂ ਅਤੇ ਲੋਕਾਂ ਦੇ ਬੱਚਿਆਂ ਲਈ ਆਵਾਜ਼ ਉਠਾ ਰਿਹਾ ਹਾਂ। ਭਾਵੇਂ ਉਹ ਮੈਨੂੰ ਜੇਲ੍ਹ ਵਿੱਚ ਮਾਰ ਦੇਣ।"ਇੱਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਸੁਖਵੀਰ ਸਿੰਘ ਮਾਈਸਰਖਾਨਾ ਦੀ ਟਿਕਟ ਕੱਟੀ ਜਾ ਰਹੀ ਹੈ। ਪਿਛਲੇ ਕੁੱਝ ਸਮੇਂ ਤੋਂ ਵਿਧਾਇਕ ਚੁੱਪ ਵੀ ਚਲਿਆ ਆ ਰਿਹਾ ਸੀ। ਅੱਜ ਅਚਾਨਕ ਸਾਹਮਣੇ ਆਉਣ ਤੋਂ ਬਾਅਦ ਹਲਕੇ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਹੈ।
- Download Babushahi App
-
-