ਜੀ ਐਸ ਪੰਨੂ
ਪਟਿਆਲਾ 19 ਜਨਵਰੀ 2020: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਈ.ਟੀ.ਟੀ. ਅਤੇ ਬੀ. ਐੱਡ. ਪਾਸ ਵਿਦਿਆਰਥੀਆਂ ਲਈ ਲਿਆ ਗਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਿਆ । ਜਿਸ ਬਾਰੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਕੁਲਭੂਸ਼ਨ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਪਰ 1 ਅਤੇ 2 ਅਧੀਨ ਜਿਲ੍ਹਾ ਪਟਿਆਲਾ ਵਿਚ 11394 ਵਿਦਿਆਰਥੀਆਂ ਲਈ 16 ਪ੍ਰੀਖਿਆ ਕੇਂਦਰ ਬਣਾਏ ਗਏ ਸਨ । ਜਿਸ ਵਿਚ ਸਵੇਰੇ ਪੇਪਰ-1 ਲਈ ਬਣਾਏ 9 ਕੇਂਦਰਾਂ ਵਿਚ ਕੁਲ 3942 ਵਿਦਿਆਰਥੀਆਂ ਵਿਚੋਂ 3419 ਹਾਜ਼ਰ ਹੋਏ ਅਤੇ ਬਾਅਦ ਦੁਪਿਹਰ ਪੇਪਰ-2 ਲਈ ਬਣਾਏ 16 ਕੇਂਦਰਾਂ ਵਿਚ ਕੁਲ 7452 ਵਿਦਿਆਰਥੀਆਂ ਵਿਚੋਂ 6743 ਵਿਦਿਆਰਥੀ ਹਾਜ਼ਰ ਹੋਏ । ਇਸ ਤਰ੍ਹਾਂ 89.9 ਫੀਸਦੀ ਵਿਦਿਆਰਥੀਆਂ ਨੇ ਜਿਲ੍ਹਾ ਪਟਿਆਲਾ ਵਿਚ ਇਹ ਟੈਸਟ ਦਿੱਤਾ । ਬਾਜਵਾ ਨੇ ਦੱਸਿਆ ਕਿ ਇਸ ਟੈਸਟ ਨੂੰ ਪਾਰਦਰਸ਼ੀ ਅਤੇ ਨਕਲ ਰਹਿਤ ਕਰਵਾਉਣ ਵਿਚ ਸਮੂਹ ਸਟਾਫ ਨੇ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਹੈ । ਹਰ ਪ੍ਰੀਖਿਆ ਕੇਂਦਰ ਵਿਚ ਵੀਡਿਓਗ੍ਰਾਫੀ ਵੀ ਕਰਵਾਈ ਗਈ ਤੇ ਜਿਲ੍ਹਾ ਅਧਿਕਾਰੀਆਂ ਵਲੋਂ ਹਰ ਕੇਂਦਰ ਦਾ ਨਿਰੀਖਣ ਵੀ ਕੀਤਾ ਗਿਆ ਹੈ । ਇਸ ਮੌਕੇ ਤੇ ਉਨ੍ਹਾਂ ਨਾਲ ਸਹਾਇਕ ਡਾਇਰੈਕਟਰ ਜਰਨੈਲ ਸਿੰਘ ਕਾਲੇਕੇ, ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਪਟਿਆਲਾ ਅਮਰਜੀਤ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮਨਜੀਤ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸੁਖਵਿੰਦਰ ਕੁਮਾਰ ਖੋਸਲਾ, ਜਿਲ੍ਹਾ ਨੋਡਲ ਅਫਸਰ ਹਰਵਿੰਦਰ ਕੌਰ ਤੋਂ ਇਲਾਵਾ ਜਸਪਾਲ ਸ਼ਰਮਾ, ਸੁਖਬੀਰ ਸਿੰਘ, ਨਰਿੰਦਰ ਪਾਲ ਸਿੰਘ, ਨਵਨੀਤ ਸਿੰਘ, ਮਹਿੰਦਰਦੀਪ ਸਿੰਘ ਆਦਿ ਹਾਜ਼ਰ ਰਹੇ ।